Sunday, May 15, 2022

ਭੋਜਨ-ਐਲਰਜੀ ਅਤੇ ਭੋਜਨ-ਅਸਹਿਣਸ਼ੀਲਤਾ (Food Allergy and Food Intolerance)

ਭੋਜਨ ਸਾਡੇ ਜੀਵਨ ਦਾ ਇਕ ਅਨਿੱਖੜਵਾਂ ਅੰਗ ਹੈ। ਸਿਹਤਮੰਦ ਅਤੇ ਕਿਰਿਆਸ਼ੀਲ ਜੀਵਨ ਜਿਉਣ ਦੇ ਲਈ ਭੋਜਨ ਵਿਚ ਸਾਰੇ ਲੋੜੀਂਦੇ ਅੰਸ਼ (ਪ੍ਰੋਟੀਨ, ਕਾਰਬੋਹਾਈਡ੍ਰੇਟਸ, ਚਿਕਨਾਈ, ਵਿਟਾਮਿਨ, ਖਣਿਜ, ਪਾਣੀ ਅਤੇ ਫਾਇਬਰ) ਸੰਤੁਲਿਤ ਮਾਤਰਾ ਵਿਚ ਮੌਜੂਦ ਹੋਣੇ ਚਾਹੀਦੇ ਹਨ। ਪਰੰਤੂ ਪਿਛਲੇ ਕੁਝ ਵਰ੍ਹਿਆਂ ਤੋਂ ਦੇਖਿਆ ਜਾਵੇ ਤਾਂ ਭਰਪੂਰ ਪੌਸ਼ਟਿਕ, ਸੰਤੁਲਿਤ ਭੋਜਨ ਕਰਨ ਦੇ ਬਾਵਜੂਦ ਵੀ ਭੋਜਨ ਪਚਾਉਣ ਵਿਚ ਦਿੱਕਤਾਂ ਆਉਣ ਲੱਗ ਪਈਆਂ ਹਨ। ਇਸ ਦਾ ਕਾਰਨ ਭੋਜਨ ਵਿਚ ਅਜਿਹੇ ਖਾਧ-ਪਦਾਰਥਾਂ ਦਾ ਮੌਜੂਦ ਹੋਣਾ ਹੈ ਜਿਨ੍ਹਾਂ ਨੂੰ ਸਾਡਾ ਸਰੀਰਿਕ ਤੰਤਰ ਸਵੀਕਾਰ ਨਹੀਂ ਕਰਦਾ ਅਤੇ ਪ੍ਰਤਿਕਿਰਿਆ ਦੇ ਰੂਪ ਵਿਚ ਵਾਜਿਬ ਸੰਕੇਤ ਵੀ ਦਿੰਦਾ ਹੈ। ਆਧੁਨਿਕ ਚਿਕਿਤਸਾ ਵਿਗਿਆਨ ਇਸ ਪ੍ਰਤਿਕਿਰਿਆ ਨੂੰ ਭੋਜਨ-ਐਲਰਜੀ (Food Allergy) ਅਤੇ ਭੋਜਨ-ਅਸਹਿਣਸ਼ੀਲਤਾ (Food Intolerance) ਦੇ ਰੂਪ ਵਿਚ ਪ੍ਰਭਾਸ਼ਿਤ ਕਰਦਾ ਹੈ। ਹਾਲਾਂਕਿ ਦੋਨਾਂ ਹਾਲਤਾਂ ਵਿਚ ਪੈਦਾ ਹੋਣ ਵਾਲੇ ਲੱਛਣ ਕਈ ਮਾਅਨਿਆਂ ਵਿਚ ਇਕੋ ਜਿਹੇ ਹੁੰਦੇ ਹਨ, ਪਰੰਤੂ ਇਹ ਦੋਨੋਂ ਹਾਲਾਤ ਇਕ ਦੂਜੇ ਤੋਂ ਭਿੰਨ ਹਨ।

ਭੋਜਨ-ਅਸਹਿਣਸ਼ੀਲਤਾ: ਵਿਸ਼ੇਸ਼ ਖਾਧ-ਪਦਾਰਥਾਂ ਦੇ ਪ੍ਰਤੀ ਸਾਡੇ ਪਾਚਨ ਤੰਤਰ ਦੀ ਪ੍ਰਤਿਕੂਲ ਸਰੀਰਿਕ ਪ੍ਰਕਿਰਿਆ ਭੋਜਨ-ਅਸਹਿਣਸ਼ੀਲਤਾ ਕਹਾਉਂਦੀ ਹੈਅਜਿਹੀ ਸਥਿਤੀ ਵਿਚ ਖਾਧ-ਪਦਾਰਥ ਠੀਕ ਤਰ੍ਹਾਂ ਪਚ ਨਹੀਂ ਪਾਉਂਦੇ ਅਤੇ ਸਾਡੇ ਪਾਚਨ ਤੰਤਰ ਨੂੰ ਪਰੇਸ਼ਾਨ ਕਰਦੇ ਹਨ।  ਇਸ ਦਾ ਕਾਰਨ ਪਾਚਨ ਤੰਤਰ ਵਿਚ ਉਸ ਖਾਧ-ਪਦਾਰਥ ਨੂੰ ਤੋੜਨ ਅਤੇ ਪਚਾਉਣ ਲਈ ਲੋੜੀਂਦੇ ਰਸਾਇਣਾਂ (ਐਂਜ਼ਾਇਮਾਂ) ਦੀ ਕਮੀ ਦਾ ਹੋਣਾ ਹੈਉਦਾਹਰਣ ਦੇ ਤੌਰ 'ਤੇ ਲੈਕਟੋਜ਼ ਅਸਹਿਣਸ਼ੀਲਤਾ ਵਾਲਾ ਵਿਅਕਤੀ ਡੇਅਰੀ ਉਤਪਾਦਾਂ ਨੂੰ ਗ੍ਰਹਿਣ ਕਰਨ ਤੋਂ ਬਾਅਦ ਅਸਹਿਜ ਮਹਿਸੂਸ ਕਰਦਾ ਹੈ ਕਿਉਂਕਿ ਉਸ ਦੇ ਪਾਚਨ ਤੰਤਰ ਨੂੰ ਦੁੱਧ ਨੂੰ ਪਚਾਉਣ ਲਈ ਸੰਘਰਸ਼ ਕਰਨਾ ਪੈਂਦਾ ਹੈ। ਭੋਜਨ-ਅਸਹਿਣਸ਼ੀਲਤਾ ਜੀਵਨ ਲਈ ਖਤਰਾ ਨਹੀਂ ਹੈ ਕਿਉਂਕਿ ਇਸ ਵਿਚ ਭੋਜਨ-ਐਲਰਜੀ ਦੀ ਤੁਲਨਾ ਵਿਚ ਘੱਟ ਗੰਭੀਰ ਲੱਛਣ ਪੈਦਾ ਹੁੰਦੇ ਹਨ। ਇਹ ਲੱਛਣ ਇੱਕੋ ਦਮ ਵੀ ਪੈਦਾ ਹੋ ਸਕਦੇ ਹਨ ਜਾਂ ਫਿਰ ਘੰਟਿਆਂ, ਦਿਨਾਂ ਜਾਂ ਹਫਤਿਆਂ ਵਿਚ ਵੀ ਪੈਦਾ ਹੋ ਸਕਦੇ ਹਨ। ਘੱਟ ਮਾਤਰਾ ਵਿਚ ਕੀਤਾ ਭੋਜਨ ਆਮ ਤੌਰ 'ਤੇ ਅਸਹਿਣਸ਼ੀਲਤਾ ਪੈਦਾ ਨਹੀਂ ਕਰਦਾ। ਇਹ ਉਦੋਂ ਹੀ ਪੈਦਾ ਹੁੰਦੀ ਹੈ ਜਦੋਂ ਭੋਜਨ ਲੋੜੋਂ ਵੱਧ ਕੀਤਾ ਜਾਵੇ। ਭੋਜਨ-ਅਸਹਿਣਸ਼ੀਲਤਾ ਦੇ ਕੁਝ ਕੁ ਲੱਛਣਾਂ ਵਿਚ ਉਲਟੀਆਂ-ਟੱਟੀਆਂ, ਗੈਸ, ਢਿੱਡ ਵਿਚ ਦਰਦ, ਸਿਰ ਦਰਦ, ਚਿੜਚਿੜਾਪਨ, ਆਦਿ ਹਨ।

ਭੋਜਨ-ਐਲਰਜੀ: ਵਿਸ਼ੇਸ਼ ਖਾਧ-ਪਦਾਰਥਾਂ ਦੇ ਪ੍ਰਤੀ ਸਾਡੀ ਰੋਗ-ਪ੍ਰਤੀਰੋਧਕ ਸ਼ਕਤੀ ਦੀ ਪ੍ਰਤਿਕੂਲ ਸਰੀਰਿਕ ਪ੍ਰਕਿਰਿਆ ਭੋਜਨ-ਐਲਰਜੀ ਕਹਾਉਂਦੀ ਹੈ ਅਜਿਹੀ ਸਥਿਤੀ ਵਿਚ ਸਾਡੇ ਸਰੀਰ ਦੀ ਰੋਗ-ਪ੍ਰਤੀਰੋਧਕ ਸ਼ਕਤੀ (ਇਮਿਊਨਿਟੀ), ਜਿਹੜੀ ਸਾਨੂੰ ਬਿਮਾਰੀਆਂ ਤੋਂ ਬਚਾਉਂਦੀ ਹੈ, ਭੋਜਨ ਦੇ ਕਿਸੇ ਵਿਸ਼ੇਸ਼ ਪੌਸ਼ਟਿਕ ਤੱਤ ਦੇ ਪ੍ਰਤੀ ਪ੍ਰਤਿਕਿਰਿਆ ਕਰਦੀ ਹੈਉਸ ਨੂੰ ਲਗਦਾ ਹੈ ਕਿ ਇਹ ਤੱਤ ਸਰੀਰ ਨੂੰ ਨੁਕਸਾਨ ਪਹੁੰਚਾਏਗਾ ਅਤੇ ਇਸ ਤੋਂ ਬਚਾਅ ਲਈ ਉਹ ਐਂਟੀਬਾਡੀ ਤਿਆਰ ਕਰਦਾ ਹੈਸਿੱਟੇ ਵਜੋਂ ਖੂਨ ਵਿਚ ਹਿਸਟਾਮਿਨ ਨਾਮ ਦੇ ਰਸਾਇਣ ਦਾ ਪ੍ਰਵਾਹ ਹੁੰਦਾ ਹੈ ਜਿਹੜਾ ਐਲਰਜੀ ਦੇ ਲੱਛਣ ਪੈਦਾ ਕਰਦਾ ਹੈ। ਆਮ ਤੌਰ ਤੇ ਇਹ ਪ੍ਰੋਟੀਨ ਵਾਲੇ ਖਾਧ-ਪਦਾਰਥਾਂ ਦੇ ਨਾਲ ਜ਼ਿਆਦਾ ਹੁੰਦਾ ਹੈ। ਦੁੱਧਆ ਅਤੇ ਦੂਜੇ ਡੇਅਰੀ ਉਤਪਾਦ, ਅੰਡੇ, ਮੱਛੀ, ਸੋਇਆਬੀਨ, ਸੁੱਕੇ ਮੇਵੇ, ਕਣਕ ਆਦਿ ਭੋਜਨ-ਐਲਰਜੀ ਦਾ ਕਾਰਨ ਬਣ ਸਕਦੇ ਹਨ ਇਸ ਦੇ ਸਿੱਟੇ ਵਜੋਂ ਸਰੀਰ ਵਿਚ ਧੱਫੜ, ਖਾਰਿਸ਼, ਸੋਜ਼ਿਸ਼, ਛਾਤੀ ਵਿਚ ਦਰਦ, ਸਰੀਰ ਤੇ ਦਾਣੇ ਨਿਕਲ ਜਾਣਾ, ਸਾਹ ਲੈਣ ਵਿਚ ਤਕਲੀਫ ਹੋਣਾ, ਆਦਿ ਲੱਛਣ ਪੈਦਾ ਹੋ ਸਕਦੇ ਹਨ ਜਿਹੜੇ ਬੜੇ ਭਿਆਨਕ ਅਤੇ ਜਾਨਲੇਵਾ ਵੀ ਹੋ ਸਕਦੇ ਹਨ     

ਅੱਜ ਤੋਂ ਕੁਝ ਵਰ੍ਹੇ ਪਹਿਲਾਂ ਤੱਕ ਭੋਜਨ-ਐਲਰਜੀ ਨੂੰ ਪੱਛਮ ਦੀ ਜਾਂ ਫਿਰ ਅਮੀਰਾਂ ਦੀ ਬਿਮਾਰੀ ਹੀ ਸਮਝਿਆ ਜਾਂਦਾ ਸੀ, ਪਰੰਤੂ ਹੁਣ ਇਹ ਬਿਮਾਰੀ ਭਾਰਤ ਵਿਚ ਵੀ ਬਹੁਤ ਤੇਜ਼ੀ ਨਾਲ ਵਧਣ ਲੱਗ ਪਈ ਹੈ। ਭੋਜਨ-ਐਲਰਜੀ, ਭੋਜਨ-ਅਸਹਿਣਸ਼ੀਲਤਾ, ਸਿਲਿਆਕ ਬਿਮਾਰੀਆਂ ਅਤੇ ਪੇਟ ਦੇ ਰੋਗਾਂ ਤੇ ਅਨੇਕਾਂ ਪੁਸਤਕਾਂ ਲਿਖ ਚੁਕੇ ਐਲੇਕਸ ਗਜ਼ੋਲਾ ਆਪਣੀ ਪੁਸਤਕ ਲਿਵਿੰਗ ਵਿਦ ਫੂਡ ਐਲਰਜੀਜ਼ ਵਿਚ ਲਿਖਦੇ ਹਨ “ਇਕ ਅਰਬ ਤੋਂ ਕਿਤੇ ਵੱਧ ਜਨਸੰਖਿਆ ਵਾਲੇ ਦੇਸ਼ ਭਾਰਤ ਵਿਚ ਭੋਜਨ-ਐਲਰਜੀ ਇਕ ਬਹੁਤ ਵੱਡੀ ਸਮੱਸਿਆ ਬਣ ਸਕਦੀ ਹੈ। ਇਕ ਅਨੁਮਾਨ ਦੇ ਅਨੁਸਾਰ ਤਿੰਨ ਪ੍ਰਤੀਸ਼ਤ ਤੱਕ ਭਾਰਤੀ ਇਸ ਤੋਂ ਪੀੜਿਤ ਹੋ ਸਕਦੇ ਹਨ, ਜਿਨ੍ਹਾਂ ਵਿਚ ਜ਼ਿਆਦਾਤਰ 40 ਤੋਂ ਘੱਟ ਉਮਰ ਦੇ ਹਨ।”

ਭਾਰਤ ਦੇ ਸਾਬਕਾ ਰਾਸ਼ਟਰਪਤੀ ਅਤੇ ਉਘੇ ਵਿਗਿਆਨੀ ਡਾ. ਏ. ਪੀ.ਜੇ. ਅਬਦੁਲ ਕਲਾਮ ਵਿਸ਼ਵ ਐਲਰਜੀ ਸੰਗਠਨ (WAO) ਦੁਆਰਾ ਜਾਰੀ ਪੁਸਤਕ ਵ੍ਹਾਈਟ ਬੁੱਕ ਆਨ ਐਲਰਜੀ ਦੇ ਮੁਖਬੰਧ ਵਿਚ ਲਿਖਦੇ ਹਨ ਕਿ ਐਲਰਜੀ ਦੀ ਸਮੱਸਿਆ (ਜਿਸ ਵਿਚ ਭੋਜਨ ਦੀ ਐਲਰਜੀ, ਚਮੜੀ ਦੀ ਐਲਰਜੀ ਅਤੇ ਦਮਾ ਆਉਂਦੇ ਹਨ), ਪੂਰੀ ਦੁਨੀਆਂ ਵਿਚ ਬਹੁਤ ਹੀ ਤੇਜ਼ੀ ਅਤੇ ਭਿਆਨਕ ਢੰਗ ਨਾਲ ਵਧਦੀ ਜਾ ਰਹੀ ਹੈ ਇਸ ਲਈ ਇਸ ਨੂੰ ਜਨਤਕ ਸਿਹਤ ਸਮੱਸਿਆਵਾਂ ਦੇ ਰੂਪ ਵਿਚ ਮਾਨਤਾ ਮਿਲਣੀ ਚਾਹੀਦੀ ਹੈ ਅਤੇ ਇਸ ਦੀ ਰੋਕਥਾਮ ਅਤੇ ਅਨੁਕੂਲ ਉਪਚਾਰ ਦੇ ਉਪਰਾਲੇ ਕੀਤੇ ਜਾਣੇ ਚਾਹੀਦੇ ਹਨ

ਕਰਨਾਟਕ ਬਾਲ ਰੋਗ ਰਸਾਲੇ ਵਿਚ ਲਿਖੇ ਭੋਜਨ-ਐਲਰਜੀ ਬਾਰੇ ਛਪੇ ਇਕ ਲੇਖ ਵਿਚ ਡਾ. ਸੌਮਿਆ ਨਾਗਾਰਾਜਨ ਅਤੇ ਡਾ. ਹਰਸ਼ਾ ਸੂਬਾ ਰਾਓ ਲਿਖਦੇ ਹਨ ਕਿ “ਸ਼ਬਦ ਭੋਜਨ-ਐਲਰਜੀ ਦੀ ਅਕਸਰ ਦੁਰਵਰਤੋਂ ਹੁੰਦੀ ਹੈ, ਨਾ ਸਿਰਫ ਮਰੀਜ਼ਾਂ ਜਾਂ ਉਨ੍ਹਾਂ ਦੇ ਪਰਿਵਾਰ ਦੇ ਮੈਂਬਰਾਂ ਵੱਲੋਂ, ਬਲਕਿ ਚਿਕਿਤਸਾ ਜਗਤ ਨਾਲ ਜੁੜੇ ਪੇਸ਼ੇਵਰਾਂ ਵੱਲੋਂ ਵੀ ਸਰਵੇ ਦੱਸਦੇ ਹਨ ਕਿ ਲੋਕਾਂ ਦੀ ਧਾਰਨਾ ਦੇ ਅਨੁਸਾਰ 60% ਤੱਕ ਲੋਕਾਂ ਨੂੰ ਭੋਜਨ-ਐਲਰਜੀ ਹੈ, ਜਦਕਿ ਅਸਲ ਵਿਚ ਇਹ 2-8% ਲੋਕਾਂ ਵਿਚ ਹੈ ਮੁੱਢਲੇ ਬਾਲਪਣ ਦੇ ਦਿਨਾਂ ਵਿਚ ਇਹ 6-8% ਤੱਕ ਹੈ ਅਤੇ ਬਾਲਗਾਂ ਵਿਚ 1-2% ਤੱਕ ਹੈ” ਬੱਚਿਆਂ ਵਿਚ ਇਸ ਰੋਗ ਦੇ ਏਨਾ ਵਧੇ ਹੋਣ ਦਾ ਕਾਰਣ ਉਨ੍ਹਾਂ ਦੇ ਮਾਪਿਆਂ ਤੋਂ ਵਿਰਾਸਤ ਵਿਚ ਮਿਲੇ ਹੋਣਾ ਹੋ ਸਕਦਾ ਹੈ

ਏਨੀ ਭਿਆਨਕ ਹੋਣ ਦੇ ਬਾਵਜੂਦ ਵੀ ਅਜੇ ਤੱਕ ਇਸ ਰੋਗ ਦਾ ਕੋਈ ਵਾਜਿਬ ਇਲਾਜ ਨਹੀਂ ਮਿਲ ਸਕਿਆ ਹੈ। “ਲੈਬਾਰਟਰੀ ਤੋਂ ਐਲਰਜੀ ਟੈਸਟ ਕਰਵਾ ਕੇ ਐਲਰਜੀ ਕਰਨ ਵਾਲੇ ਖਾਧ-ਪਦਾਰਥ ਦਾ ਪਤਾ ਲਗਾਉ ਅਤੇ ਉਸ ਖਾਧ-ਪਦਾਰਥ ਨੂੰ ਖਾਣਾ ਛੱਡ ਦਿਉ” ਇਹੀ ਇਸ ਬਿਮਾਰੀ ਦਾ ਇਲਾਜ ਸਮਝਿਆ ਜਾਂਦਾ ਹੈ। ਪਰੰਤੂ ਇਹ ਇਸ ਬਿਮਾਰੀ ਨਾਲ ਨਜਿੱਠਣ ਦਾ ਸਹੀ ਢੰਗ ਨਹੀਂ ਹੈ। ਦੋਸ਼ੀ ਭੋਜਨ ਨਹੀਂ, ਬਲਕਿ ਇਨਸਾਨ ਖੁਦ ਹੈ। ਮੰਨਿਆ ਜਾਂਦਾ ਹੈ ਕਿ ਪ੍ਰਾਣੀ ਦੇ ਜਨਮ ਤੋਂ ਪਹਿਲਾਂ ਹੀ ਪਰਮ ਪਿਤਾ ਪਰਮੇਸ਼ਵਰ ਉਸ ਲਈ ਲੋੜੀਂਦੇ ਭੋਜਨ ਦਾ ਪ੍ਰਬੰਧ ਕਰ ਕੇ ਭੇਜਦਾ ਹੈ (ਆਪੇ ਕਰਤਾ ਕਰਿ ਕਰਿ ਵੇਖੈ ਦੇਦਾ ਸਾਸ ਗਿਰਾਹਾ ਹੇ॥)। ਪਰੰਤੂ ਆਪਣੀ ਨਾਸਮਝੀ, ਜੀਭ ਦੇ ਸੁਆਦ ਅਤੇ ਲਾਲਚ ਕਾਰਨ ਅਸੀਂ ਆਪਣੇ ਭੋਜਨ ਦਾ ਮੂਲ ਸਰੂਪ ਹੀ ਬਦਲ ਦਿੱਤਾ ਹੈ, ਜਿਸ ਨੂੰ ਸਾਡਾ ਸਰੀਰਿਕ ਤੰਤਰ ਸਵੀਕਾਰ ਨਹੀਂ ਕਰਦਾ। ਭਗਵਦ ਗੀਤਾ ਦੇ ਸ਼ਲੋਕ ਪਤ੍ਰਮ ਪੁਸ਼ਪਮ ਫਲਮ ਤੋਯਮ ਯੋ ਮੇ ਭਕਤਯਾ ਪ੍ਰਯਚ੍ਛਤਿ  ਵਿਚ ਵੀ ਭਗਵਾਨ ਸ਼੍ਰੀ ਕ੍ਰਿਸ਼ਨ ਕੁਦਰਤੀ ਭੋਜਨ ਬਾਰੇ ਹੀ ਗੱਲ ਕਰਦੇ ਹਨ। ਪ੍ਰਾਣੀਆਂ ਵਿਚੋਂ ਸ਼ਾਇਦ ਇਨਸਾਨ ਨੂੰ ਛੱਡ ਕੇ ਬਾਕੀ ਸਾਰੇ ਪ੍ਰਾਣੀ ਆਪਣਾ ਭੋਜਨ ਕੁਦਰਤੀ ਨਿਯਮਾਂ ਅਨੁਸਾਰ ਹੀ ਕਰਦੇ ਹਨ, ਅਤੇ ਇਸੇ ਕਰਕੇ ਆਮ ਤੌਰ ‘ਤੇ ਤੰਦਰੁਸਤ ਰਹਿੰਦੇ ਹਨ। ਇਥੇ ਇਹ ਦੱਸਣਾ ਜ਼ਰੂਰੀ ਹੈ ਕਿ ਇਸੇ ਸੰਧਰਭ ਵਿਚ ਉਚਾਰੇ ਗਏ ਗੁਰੂ-ਵਾਕਾਂ, ਜਿਵੇਂ ਭੋਗੰ ਤ ਰੋਗੰ ; ਜਾਂ ਭਾਂਤ ਭਾਂਤ ਭੱਛਤ ਪਕਵਾਨਾ॥ ਉਪਜਤ ਰੋਗ ਦੇਹ ਤਿਨ ਨਾਨਾ॥ ; ਜਾਂ ਫਿਟੁ ਇਵੇਹਾ ਜੀਵਿਆ ਜਿਤੁ ਖਾਇ ਵਧਾਇਆ ਪੇਟੁ।। ; ਜਾਂ ਖਾਤ ਪੀਤ ਅਨੇਕ ਬਿੰਜਨ ਜੈਸੇ ਭਾਰ ਬਾਹਕ ਖੋਤ।। ਨੂੰ ਵੀ ਅਸੀਂ ਨਜ਼ਰਅੰਦਾਜ਼ ਕਰਦੇ ਜਾਂਦੇ ਹਾਂ ਅਤੇ ਹਾਲਾਤ ਬਦ ਤੋਂ ਬਦਤਰ ਹੋਕੇ ਅਨੇਕਾਂ ਭਿਆਨਕ ਬਿਮਾਰੀਆਂ ਨੂੰ ਜਨਮ ਦੇ ਦਿੰਦੇ ਹਨ।

ਆਯੁਰਵੇਦ/ਨੇਚਰੋਪੈਥੀ ਦੇ ਅਨੁਸਾਰ ਭੋਜਨ-ਅਸਹਿਣਸ਼ੀਲਤਾ ਅਤੇ ਭੋਜਨ-ਐਲਰਜੀ ਦਾ ਮੂਲ ਕਾਰਣ ਪਾਚਨ ਅਗਨੀ ਦਾ ਕਮਜ਼ੋਰ ਹੋਣਾ ਹੈ ਜਿਹੜੀ ਜੀਵਨ-ਸ਼ੈਲੀ, ਗਲਤ ਖਾਨ-ਪਾਨ, ਵਿਰੋਧੀ ਜਾਂ ਬੇਮੇਲ ਭੋਜਨ, ਜੰਕ/ਪ੍ਰੋਸੈਸਡ ਭੋਜਨ, ਵਾਤ-ਪਿੱਤ-ਕਫ਼ ਵਿਚ ਅਸੰਤੁਲਨ, ਆਦਿ ’ਤੇ ਨਿਰਭਰ ਕਰਦੀ ਹੈ। ਪਾਚਨ ਅਗਨੀ ਕਮਜ਼ੋਰ ਹੋਣ ਨਾਲ ਭੋਜਨ ਸਹੀ ਢੰਗ ਨਾਲ ਪਚਦਾ ਨਹੀਂ ਅਤੇ ਇਕ ਜ਼ਹਿਰੀਲਾ ਪਦਾਰਥ ‘ਆਮ’/ਬਾਹਰੀ ਤੱਤ ਪੈਦਾ ਕਰਦਾ ਹੈ। ਇਸ ਤੋਂ ਇਲਾਵਾ ਤਣਾਅ, ਨਕਾਰਾਤਮਕ ਸੋਚ, ਸ਼ੋਕ, ਚਿੰਤਾ, ਆਦਿ ਵੀ ਸਾਡੇ ਪਾਚਨ ’ਤੇ ਅਸਰ ਪਾਉਂਦੇ ਹਨ ਅਤੇ ਐਲਰਜੀ ਦਾ ਕਾਰਨ ਬਣਦੇ ਹਨ। ਐਂਟੀਬਾਇਓਟਿਕ ਦੁਆਈਆਂ ਦੀ ਬੇਲੋੜੀ ਵਰਤੋਂ; ਜਾਨਵਰਾਂ ਤੋਂ ਵੱਧ ਦੁੱਧ ਅਤੇ ਮਾਸ ਪ੍ਰਾਪਤ ਕਰਨ ਲਈ ਟੀਕਿਆਂ ਦੀ ਵਰਤੋਂ; ਫਸਲਾਂ ਤੋਂ ਵੱਧ ਝਾੜ ਲੈਣ ਲਈ ਰਸਾਇਣਾਂ ਦੀ ਵਰਤੋਂ; ਫਲਾਂ-ਸਬਜ਼ੀਆਂ ਨੂੰ ਛੇਤੀ ਪਕਾਉਣ, ਉਨ੍ਹਾਂ ਦਾ ਆਕਾਰ ਵਧਾਉਣ ਅਤੇ ਉਨ੍ਹਾਂ ਨੂੰ ਵੱਧ ਸਮੇਂ ਲਈ ਸੁਰੱਖਿਅਤ ਰੱਖਣ ਲਈ ਰਸਾਇਣਾਂ/ਟੀਕਿਆਂ ਦੀ ਵਰਤੋਂ, ਆਦਿ ਅਨੇਕਾਂ ਹੋਰ ਵੀ ਕਾਰਨ ਹਨ। ਸਮੇਂ ਸਿਰ ਇਸ ਦਾ ਇਲਾਜ ਨਾ ਕੀਤੇ ਜਾਣ ‘ਤੇ ਇਹ ‘ਆਮ’ ਅੰਤੜੀਆਂ ਵਿਚ ਜਮ੍ਹਾ ਹੋਣ ਲਗਦਾ ਹੈ ਅਤੇ ਪੂਰੇ ਸਰੀਰ ਵਿਚ ਘੁੰਮਣ ਲੱਗ ਜਾਂਦਾ ਹੈ। ਜਿਥੇ ਕਿਤੇ ਇਸਨੂੰ ਕਮਜ਼ੋਰ ਥਾਂ ਮਿਲਦੀ ਹੈ ਉਥੇ ਹੀ ਇਹ ਜਮ੍ਹਾ ਹੋ ਜਾਂਦਾ ਹੈ ਅਤੇ ਪੁਰਾਣਾ ਹੋਣ ‘ਤੇ ‘ਆਮ-ਜ਼ਹਿਰ’ ਕਹਾਉਂਦਾ ਹੈ। ਇਸੇ ਲਈ ਜਦੋਂ ਵੀ ਕਦੇ ਉਸ ਅੰਗ ਦਾ ਸੰਪਰਕ ਐਲਰਜੀ ਪੈਦਾ ਕਰਨ ਵਾਲੇ ਤੱਤ ਨਾਲ ਹੁੰਦਾ ਹੈ, ਤਾਂ ਉਥੇ ਐਲਰਜੀ ਦੀ ਪ੍ਰਕਿਰਿਆ ਹੁੰਦੀ ਹੈ। ਜੇਕਰ ‘ਆਮ-ਜ਼ਹਿਰ’ ਚਮੜੀ ਵਿਚ ਹੈ ਤਾਂ ਖਾਰਿਸ਼, ਜਲਨ, ਛਪਾਕੀ, ਧੱਫੜ, ਫੁਣਸੀਆਂ, ਆਦਿ ਲੱਛਣ ਪੈਦਾ ਹੁੰਦੇ ਹਨ; ਜੇਕਰ ਇਹ ‘ਆਮ-ਜ਼ਹਿਰ’ ਚਮੜੀ ਸਾਹ-ਪ੍ਰਣਾਲੀ ਵਿਚ ਹੈ ਤਾਂ ਦਮਾ, ਸਾਈਨਸ, ਬ੍ਰੌਨਕਾਈਟਸ, ਸਰਦੀ, ਜ਼ੁਕਾਮ, ਖਾਂਸੀ, ਆਦਿ ਲੱਛਣ ਪੈਦਾ ਹੁੰਦੇ ਹਨ; ਅਤੇ ਜੇਕਰ ਇਹ ‘ਆਮ-ਜ਼ਹਿਰ’ ਪਾਚਨ-ਪ੍ਰਣਾਲੀ ਵਿਚ ਹੈ ਤਾਂ ਪੇਟ ਦਰਦ, ਦਸਤ, ਪੇਟ ਦਾ ਅਫਾਰਾ, ਆਦਿ ਲੱਛਣ ਪੈਦਾ ਹੁੰਦੇ ਹਨ। ਯੂਨਾਨੀ ਚਿਕਿਤਸਕ ਹਿਪੋਕ੍ਰੇਟਸ ਦੁਆਰਾ 2,000 ਤੋਂ ਵੱਧ ਵਰ੍ਹੇ ਪਹਿਲਾਂ ਕਿਹਾ ਗਿਆ ਕਥਨ ‘ਸਾਰੀਆਂ ਬਿਮਾਰੀਆਂ ਪੇਟ ਤੋਂ ਹੀ ਸ਼ੁਰੂ ਹੁੰਦੀਆਂ ਹਨ’ ਇਥੇ ਸੱਚ ਸਿੱਧ ਹੁੰਦਾ ਹੈ।

ਪਾਚਨ ਅਗਨੀ ਤੇ ਰੋਗ-ਪ੍ਰਤੀਰੋਧਕ ਸ਼ਕਤੀ ਦਾ ਆਪਸ ਵਿਚ ਸਿੱਧਾ ਸੰਬੰਧ ਹੈ। ਪਾਚਨ ਸ਼ਕਤੀ ਚੰਗੀ ਹੋਵੇਗੀ, ਤਾਂ ਸਰੀਰ ਦੇ ਹਰ ਇਕ ਸੈੱਲ/ਅੰਗ ਤੱਕ ਸਹੀ ਢੰਗ ਨਾਲ ਪੋਸ਼ਣ ਪਹੁੰਚੇਗਾ ਅਤੇ ਰੋਗ-ਪ੍ਰਤੀਰੋਧਕ ਸ਼ਕਤੀ ਮਜ਼ਬੂਤ ਹੋਵੇਗੀ। ਇਸ ਲਈ ਭੋਜਨ-ਅਸਹਿਣਸ਼ੀਲਤਾ ਅਤੇ ਭੋਜਨ-ਐਲਰਜੀ ਨੂੰ ਠੀਕ ਕਰਨ ਲਈ ਅਸੀਂ “ਕੀ ਖਾਈਏ, ਕਿਹੋ ਜਿਹਾ ਖਾਈਏ, ਕਿੰਨਾ ਖਾਈਏ ਅਤੇ ਕਦੋਂ ਖਾਈਏ” ਸਿਧਾਂਤਾਂ ਦਾ ਧਿਆਨ ਰੱਖੀਏ ਅਤੇ ਰਿਸ਼ੀ ਚਰਕ ਦੇ ਸਿਧਾਂਤ ਹਿਤ ਭੁਕ, ਰਿਤ ਭੁਕ, ਮਿਤ ਭੁਕ  ਦਾ ਪਾਲਣ ਕਰੀਏ। ਇਸ ਤੋਂ ਇਲਾਵਾ ਯੋਗ, ਜਿਸ ਵਿਚ ਵੱਖ-ਵੱਖ ਤਰ੍ਹਾਂ ਦੇ ਆਸਨ, ਮੁਦਰਾਵਾਂ, ਬੰਧ, ਧਿਆਨ, ਕਪਾਲ-ਭਾਤੀ, ਅਨੁਲੋਮ-ਵਿਲੋਮ ਪ੍ਰਾਣਾਯਾਮ, ਸੂਰਜ-ਨਮਸਕਾਰ ਸ਼ਾਮਿਲ ਹੋਣ, ਕਰੀਏ। ਇਹ ਸਾਡੇ ਪਾਚਨ-ਤੰਤਰ, ਸਾਹ-ਤੰਤਰ, ਸੰਚਾਰ-ਤੰਤਰ, ਆਦਿ ਨੂੰ ਮਜ਼ਬੂਤ ਕਰਨ ਦੇ ਨਾਲ ਨਾਲ ਮਨ ਨੂੰ ਸ਼ਾਂਤ ਕਰੇਗਾ ਅਤੇ ਉਸ ਨੂੰ ਤਣਾਅ ਤੋਂ ਦੂਰ ਰੱਖੇਗਾ। ਪੰਚ ਮਨਾਏ ਪੰਚ ਰੁਸਾਏ॥ ਪੰਚ ਵਸਾਏ ਪੰਚ ਗਵਾਏ॥  ਵਾਕ ਅਨੁਸਾਰ ਪੰਜ ਸ਼ੁਭ ਗੁਣਾਂ ਸਤ, ਸੰਤੋਖ, ਦਇਆ, ਧਰਮ, ਸੰਜਮ ਨੂੰ ਆਪਣੇ ਅੰਦਰ ਵਸਾਈਏ ਅਤੇ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਨੂੰ ਆਪਣੇ ਅੰਦਰੋਂ ਬਾਹਰ ਕੱਢ ਸੁੱਟੀਏ। ਸਰੀਰ ਨੂੰ ਨਿਯਮਿਤ ਤੌਰ ‘ਤੇ ਜਲ-ਨੇਤੀ, ਵਮਨ, ਵਿਰੇਚਨ, ਅਨੀਮਾ, ਵੱਖ-ਵੱਖ ਇਸ਼ਨਾਨਾਂ ਆਦਿ ਦੀ ਮਦਦ ਨਾਲ ਡੀਟੌਕਸ (ਜ਼ਹਿਰ-ਮੁਕਤ) ਕਰੀਏ। ਆਪਣੇ ਆਹਾਰ ਅਤੇ ਵਿਹਾਰ ਨੂੰ, ਜਿੰਨਾ ਵੱਧ ਤੋਂ ਵੱਧ ਸੰਭਵ ਹੋ ਸਕੇ, ਰੁੱਤਾਂ ਅਨੁਸਾਰ ਬਦਲੀਏ। ਆਟੋਫੈਜੀ/ਉਪਵਾਸ ਨੂੰ ਜੀਵਨ ਦਾ ਇਕ ਅੰਗ ਬਣਾ ਕੇ ਆਪਣੇ ਸਰੀਰ ਦਾ ਨਿਰੰਤਰ ਨਵੀਨੀਕਰਣ ਕਰੀਏ। ਵੱਖ ਵੱਖ ਰੰਗਾਂ ਦੇ ਫਲਾਂ ਅਤੇ ਸਬਜ਼ੀਆਂ ਨੂੰ ਆਪਣੇ ਆਹਾਰ ਵਿਚ ਸ਼ਾਮਲ ਕਰੀਏ। ਇਨ੍ਹਾਂ ਸਾਰੇ ਵਿਸ਼ਿਆਂ ‘ਤੇ ਵੱਖ-ਵੱਖ ਲੇਖ ਪੰਜਾਬੀ ਟ੍ਰਿਬਿਊਨ ਵਿਚ ਪਹਿਲਾਂ ਛਪ ਚੁਕੇ ਹਨ।   

ਉਪਰੋਕਤ ਗੱਲਾਂ ਦਾ ਧਿਆਨ ਰੱਖ ਕੇ ਅਸੀਂ ਨਾ ਸਿਰਫ ਭੋਜਨ-ਅਸਹਿਣਸ਼ੀਲਤਾ ਅਤੇ ਭੋਜਨ-ਐਲਰਜੀ ਤੋਂ ਬਚ ਸਕਦੇ ਹਾਂ, ਬਲਕਿ ਆਪਣੇ ਪੂਰੇ ਸਰੀਰਕ ਤੰਤਰ ਨੂੰ ਤੰਦਰੁਸਤ ਰੱਖ ਸਕਦੇ ਹਾਂ। ਜਿਵੇਂ-ਜਿਵੇਂ ਸਾਡਾ ਸਰੀਰਕ ਤੰਤਰ ਠੀਕ ਹੋਵੇਗਾ, ਅਸੀਂ ਉਸ ‘ਖਾਧ-ਪਦਾਰਥ’ ਨੂੰ ਆਪਣੇ ਭੋਜਨ ਵਿਚ ਘੱਟ ਤੋਂ ਘੱਟ ਮਿਕਦਾਰ ਤੋਂ ਸ਼ੁਰੂ ਕਰ ਕੇ ਹੌਲੀ-ਹੌਲੀ ਨਿਯਮਿਤ ਵਰਤੋਂ ਵਿਚ ਲਿਆ ਸਕਦੇ ਹਾਂ। ਇਸ ਨਾਲ ਨਾ ਸਿਰਫ ਅਸੀਂ, ਬਲਕਿ ਸਾਡੇ ਬੱਚੇ ਅਤੇ ਅਗਲੀਆਂ ਪੀੜ੍ਹੀਆਂ ਵੀ ਇਸ ਭਿਆਨਕ ਬਿਮਾਰੀ ਤੋਂ ਬਚਾਂਗੇ।

ਸੰਜੀਵ ਕੁਮਾਰ ਸ਼ਰਮਾ
98147-11605














Sunday, June 6, 2021

ਸਾਸ ਬਿਨਾ ਜਿਉ ਦੇਹੁਰੀ ਕਤ ਸੋਭਾ ਪਾਵੈ (Without the breath, how can the body obtain glory and fame)

ਸਾਹਾਂ ਨਾਲ ਹੀ ਜ਼ਿੰਦਗੀ ਹੈ। ਸਾਹ ਖਤਮ ਤਾਂ ਜ਼ਿੰਦਗੀ ਖਤਮ। ਇਨ੍ਹਾਂ ਸਾਹਾਂ ਦੀ ਤੰਦ ਉਦੋਂ ਤੱਕ ਹੀ ਜੁੜੀ ਰਹਿੰਦੀ ਹੈ, ਜਦੋਂ ਤੱਕ ਸਰੀਰ ਨੂੰ ਲੋੜੀਂਦੀ ਮਾਤਰਾ ਵਿੱਚ ਆਕਸੀਜਨ-ਯੁਕਤ ਹਵਾ ਮਿਲਦੀ ਰਹਿੰਦੀ ਹੈ। ਜਿਥੇ ਭੋਜਨ ਤੋਂ ਬਿਨਾ ਅਸੀਂ ਤਿੰਨ ਹਫਤੇ ਅਤੇ ਪਾਣੀ ਤੋਂ ਬਿਨਾ ਤਿੰਨ ਦਿਨ ਤੱਕ ਜਿਉਂਦੇ ਰਹਿ ਸਕਦੇ ਹਾਂ, ਉਥੇ ਸਾਹਾਂ ਤੋਂ ਬਿਨਾ ਅਸੀਂ ਤਿੰਨ ਮਿੰਟ ਤੋਂ ਵੱਧ ਨਹੀਂ ਜਿਉਂਦੇ ਰਹਿ ਸਕਦੇ। ਗੁਰਬਾਣੀ ਅਨੁਸਾਰ ਇਸ ਸੰਸਾਰ ਦੀ ਰਚਨਾ ਵੇਲੇ ਉਸ ਪਰਮ ਪਿਤਾ ਪਰਮੇਸ਼ਵਰ ਨੇ ਸਭ ਤੋਂ ਪਹਿਲਾਂ ਹਵਾ ਨੂੰ ਹੀ ਪੈਦਾ ਕੀਤਾ ਸੀ। ਹਵਾ ਤੋਂ ਬਾਅਦ ਪਾਣੀ ਅਤੇ ਉਸ ਤੋਂ ਬਾਅਦ ਹੀ ਸਾਰੀ ਬਨਸਪਤੀ ਅਤੇ ਜੀਵ-ਜੰਤੂ ਪੈਦਾ ਕੀਤੇ (ਸਾਚੇ ਤੇ ਪਵਨਾ ਭਇਆ ਪਵਨੈ ਤੇ ਜਲੁ ਹੋਇ ॥ ਜਲ ਤੇ ਤ੍ਰਿਭਵਣੁ ਸਾਜਿਆ ਘਟਿ ਘਟਿ ਜੋਤਿ ਸਮੋਇ॥ ਸ੍ਰੀ ਗੁਰੂ ਗ੍ਰੰਥ ਸਾਹਿਬ ਪੰਨਾ 19)

ਕੁਦਰਤ ਨੇ ਸਾਡੇ ਵਾਤਾਵਰਣ ਵਿੱਚ ਹਵਾ ਦਾ ਬੇਅੰਤ ਭੰਡਾਰ ਲਾਇਆ ਹੋਇਆ ਹੈ ਜਿਸਦਾ ਤਕਰੀਬਨ 21% ਹਿੱਸਾ ਆਕਸੀਜਨ ਹੈ। ਸਰੀਰ ਦੇ ਸਾਰੇ ਅੰਗਾਂ ਨੂੰ ਸੁਚਾਰੂ ਢੰਗ ਨਾਲ ਕੰਮ ਕਰਨ ਲਈ ਆਕਸੀਜਨ ਦੀ ਲੋੜ ਹੁੰਦੀ ਹੈ, ਜਿਹੜੀ ਸਾਹ ਰਾਹੀਂ ਸਾਡੇ ਫੇਫੜਿਆਂ ਵਿੱਚ ਪਹੁੰਚਦੀ ਹੈ। ਫੇਫੜੇ ਇਸ ਆਕਸੀਜਨ ਨੂੰ ਖੂਨ ਵਿੱਚ ਮਿਲਾਉਣ ਦਾ ਕੰਮ ਕਰਦੇ ਹਨ ਜਿਥੋਂ ਆਕਸੀਜਨ-ਯੁਕਤ ਖੂਨ ਸਰੀਰ ਦੇ ਵੱਖ-ਵੱਖ ਹਿੱਸਿਆਂ ਵਿੱਚ ਪਹੁੰਚਦਾ ਹੈ। ਖੂਨ ਵਿਚਲੀ ਕਾਰਬਨ ਡਾਇਆਕਸਾਇਡ ਵੀ ਫੇਫੜਿਆਂ ਰਾਹੀਂ ਹੀ ਸਾਹ ਦੁਆਰਾ ਬਾਹਰ ਕੱਢੀ ਜਾਂਦੀ ਹੈ। ਜਿਸ ਤਰ੍ਹਾਂ ਗੱਡੀ ਨੂੰ ਚਲਾਉਣ ਲਈ ਪੈਟਰੋਲ/ਡੀਜ਼ਲ ਦੀ ਲੋੜ ਪੈਂਦੀ ਹੈ, ਉਸੇ ਤਰ੍ਹਾਂ ਆਕਸੀਜਨ ਸਾਡੇ ਸਰੀਰ ਵਿੱਚ ਬਾਲਣ ਦਾ ਕੰਮ ਕਰਦੀ ਹੈ। ਇਸ ਕਰਕੇ ਜਿੰਨੇ ਸੁਚਾਰੂ ਢੰਗ ਨਾਲ ਸਾਡੇ ਫੇਫੜੇ ਕੰਮ ਕਰਨਗੇ, ਓਨਾ ਵਧੀਆ ਖੂਨ ਵਿੱਚ ਆਕਸੀਜਨ ਦਾ ਪੱਧਰ ਰਹੇਗਾ ਅਤੇ ਓਨੇ ਹੀ ਵਧੀਆ ਢੰਗ ਨਾਲ ਸਰੀਰ ਦੇ ਬਾਕੀ ਅੰਗ ਕੰਮ ਕਰਨਗੇ। ਲੇਕਿਨ ਜੇਕਰ ਖੂਨ ਵਿੱਚ ਆਕਸੀਜਨ ਦਾ ਪੱਧਰ ਘੱਟ ਰਹੇਗਾ, ਤਾਂ ਇਸ ਦਾ ਅਸਰ ਬਾਕੀ ਅੰਗਾਂ ‘ਤੇ ਵੀ ਪਵੇਗਾ ਜਿਹੜਾ ਕਿ ਜਾਨਲੇਵਾ ਹੋ ਸਕਦਾ ਹੈ।

ਖੂਨ ਵਿੱਚ ਆਕਸੀਜਨ ਦੇ ਪੱਧਰ ਦੀ ਜਾਂਚ ਆਕਸੀਮੀਟਰ ਦੀ ਵਰਤੋਂ ਨਾਲ ਹੁੰਦੀ ਹੈ। ਏਮਜ਼ ਹਸਪਤਾਲ (AIIMS), ਨਵੀਂ ਦਿੱਲੀ ਦੇ ਡਾਇਰੈਕਟਰ ਡਾਕਟਰ ਰਣਦੀਪ ਗੁਲੇਰੀਆ ਅਨੁਸਾਰ 94% ਜਾਂ ਇਸ ਤੋਂ ਉੱਪਰ ਦਾ ਆਕਸੀਜਨ ਪੱਧਰ ਬਿਲਕੁਲ ਠੀਕ ਹੈ ਜਦਕਿ 90% ਤੋਂ ਹੇਠਾਂ ਨੂੰ ਗੰਭੀਰ ਮੰਨਿਆ ਜਾਣਾ ਚਾਹੀਦਾ ਹੈ ਅਤੇ ਮਰੀਜ ਨੂੰ ਹਸਪਤਾਲ ਦਾਖਿਲ ਹੋਣਾ ਚਾਹੀਦਾ ਹੈ ਜਿਥੇ ਉਸ ਨੂੰ ਮੈਡੀਕਲ ਆਕਸੀਜਨ ਦੀ ਲੋੜ ਪੈ ਸਕਦੀ ਹੈ। ਉਨ੍ਹਾਂ ਅਨੁਸਾਰ ਜੇਕਰ ਆਕਸੀਜਨ ਦਾ ਪੱਧਰ 94% ਤੋਂ ਹੇਠਾਂ ਪਰ 90% ਤੋਂ ਉੱਪਰ ਹੈ, ਤਾਂ ਮਰੀਜ ਨੂੰ ਆਪਣੇ ਡਾਕਟਰ ਨਾਲ ਸਲਾਹ ਕਰਦੇ ਰਹਿਣਾ ਚਾਹੀਦਾ ਹੈ ਅਤੇ ਘਬਰਾਹਟ ਦੇ ਵਿੱਚ ਇਧਰ-ਉਧਰ ਨਹੀਂ ਭਜਣਾ ਚਾਹੀਦਾ, ਕਿਉਂਕਿ ਜ਼ਿਆਦਾਤਰ ਮਰੀਜਾਂ ਵਿੱਚ ਇਹ ਸਥਿਤੀ ਕੁਝ ਚਿਰ ਵਿੱਚ ਹੀ ਠੀਕ ਹੋ ਜਾਂਦੀ ਹੈ।       

ਇਥੇ ਇਹ ਦੱਸਣਾ ਜ਼ਰੂਰੀ ਹੈ ਕਿ ਇੱਕ ਆਮ ਇਨਸਾਨ ਇੱਕ ਸਾਹ ਵਿੱਚ ਤਕਰੀਬਨ ਅੱਧਾ ਲੀਟਰ ਹਵਾ ਲੈਂਦਾ ਹੈ, ਭਾਵ ਆਪਣੇ ਫੇਫੜਿਆਂ ਦੀ ਕੁੱਲ ਸਮਰੱਥਾ ਦਾ 15-20% ਹੀ ਇਸਤੇਮਾਲ ਕਰਦਾ ਹੈ, ਜਦਕਿ ਠੀਕ ਢੰਗ ਨਾਲ ਸਾਹ ਲੈਕੇ ਅਤੇ ਯੋਗ ਜੀਵਨਸ਼ੈਲੀ ਅਪਣਾ ਕੇ ਇਸ ਸਮਰੱਥਾ ਨੂੰ 70-75 ਫੀਸਦੀ ਤੱਕ ਵਧਾਇਆ ਜਾ ਸਕਦਾ ਹੈ ਜਿਸ ਨਾਲ ਲੰਮਾ ਅਤੇ ਨਿਰੋਗ ਜੀਵਨ ਜੀਵਿਆ ਜਾ ਸਕਦਾ ਹੈ। ਹੇਠ ਲਿਖੀਆਂ ਗੱਲਾਂ ਵੱਲ ਧਿਆਨ ਦੇ ਕੇ ਅਸੀਂ ਫੇਫੜਿਆਂ ਦੀ ਕਾਰਜ-ਸ਼ਕਤੀ ਨੂੰ ਵਧਾ ਸਕਦੇ ਹਾਂ ਅਤੇ ਮੈਡੀਕਲ ਆਕਸੀਜਨ ਦੀ ਲੋੜ ਨੂੰ ਕਾਫੀ ਹੱਦ ਤੱਕ ਘਟਾ ਸਕਦੇ ਹਾਂ ਜਾਂ ਖਤਮ ਕਰ ਸਕਦੇ ਹਾਂ: 

ਪ੍ਰਾਣਾਯਾਮ: ਫੇਫੜਿਆਂ ਨੂੰ ਮਜ਼ਬੂਤ ਕਰਨ, ਸਾਹ-ਪ੍ਰਣਾਲੀ ਨੂੰ ਦਰੁਸਤ ਕਰਨ ਅਤੇ ਆਕਸੀਜਨ ਦੇ ਪੱਧਰ ਵਿੱਚ ਸੁਧਾਰ ਲਿਆਉਣ ਲਈ ਕਪਾਲ ਭਾਤੀ, ਭਸਤ੍ਰਿਕਾ ਅਤੇ ਅਨੁਲੋਮ-ਵਿਲੋਮ ਪ੍ਰਾਣਾਯਾਮ ਦਾ ਬਹੁਤ ਮਹੱਤਵ ਹੈ। ਇਨ੍ਹਾਂ ਕਿਰਿਆਵਾਂ ਨੂੰ ਕਰਨ ਨਾਲ ਨਾ ਸਿਰਫ ਫੇਫੜਿਆਂ ਅਤੇ ਸਾਹ-ਪ੍ਰਣਾਲੀ ਦੇ ਵਿਕਾਰ ਦੂਰ ਹੁੰਦੇ ਹਨ, ਬਲਕਿ ਜਿਗਰ, ਗੁਰਦੇ ਅਤੇ ਪੇਟ ਸੰਬੰਧੀ ਸਮੱਸਿਆਵਾਂ ਵੀ ਦੂਰ ਹੁੰਦੀਆਂ ਹਨ। ਸਰੀਰ ਵਿੱਚ ਲਹੂ ਦਾ ਸੰਚਾਰ ਸਹੀ ਹੁੰਦਾ ਹੈ, ਨੀਂਦ ਵਧੀਆ ਆਉਂਦੀ ਹੈ, ਯਾਦਾਸ਼ਤ ਤੇਜ਼ ਹੁੰਦੀ ਹੈ ਅਤੇ ਸਰੀਰ ਵਿੱਚ ਊਰਜਾ ਦਾ ਪਰਵਾਹ ਹੁੰਦਾ ਹੈ।

ਸੈਲਫ-ਪ੍ਰੋਨਿੰਗ ਤਕਨੀਕ: ਸਾਹ ਲੈਣ ’ਚ ਤਕਲੀਫ ਹੋਣ ਜਾਂ ਆਕਸੀਜਨ ਪੱਧਰ ਦੇ ਘੱਟ ਹੋਣ ’ਤੇ ਸੈਲਫ-ਪ੍ਰੋਨਿੰਗ ਤਕਨੀਕ ਬਹੁਤ ਕਾਰਗਰ ਹੈ। ਇਸ ਵਿੱਚ ਵਿਅਕਤੀ ਬਿਸਤਰੇ ’ਤੇ ਕੁਝ ਸਿਰਹਾਣਿਆਂ ਦੀ ਮਦਦ ਨਾਲ ਮੂਧਾ ਲੰਮਾ ਪੈ ਕੇ ਲੰਬੇ-ਲੰਬੇ ਸਾਹ ਲੈਂਦਾ ਹੈ। ਇੱਕ ਸਿਰਹਾਣਾ ਲੱਤਾਂ ਦੇ ਹੇਠਲੇ ਹਿੱਸੇ ਥੱਲੇ, ਦੋ-ਤਿੰਨ-ਚਾਰ ਸਿਰਹਾਣੇ ਪੇਡੂ ਥੱਲੇ ਅਤੇ ਇੱਕ ਸਿਰਹਾਣਾ ਛਾਤੀ ਦੇ ਉੱਪਰਲੇ ਹਿੱਸੇ ਥੱਲੇ ਰੱਖਣਾ ਹੈ। ਪੇਡੂ ਥੱਲੇ ਸਿਰਹਾਣਿਆਂ ਦੀ ਗਿਣਤੀ ਏਨੀ ਕੁ ਹੋਣੀ ਚਾਹੀਦੀ ਹੈ ਜਿਸ ਨਾਲ ਪੇਟ ਬਿਸਤਰੇ ਨੂੰ ਨਾ ਛੂਹੇ। ਇਸ ਨਾਲ ਸਰੀਰ ਦੇ ਆਕਸੀਜਨ ਲੈਵਲ 'ਚ ਵਾਧਾ ਹੋਵੇਗਾ ਕਿਉਂਕਿ ਇਸ ਸਥਿਤੀ ਵਿੱਚ ਫੇਫੜਿਆਂ ਦੀ ਸਮਰੱਥਾ ਵੱਧ ਜਾਂਦੀ ਹੈ। ਕਿਸੇ ਵੀ ਵਿਅਕਤੀ ਦਾ ਜੇ ਆਕਸੀਜਨ ਲੈਵਲ 94 ਤੋਂ ਥੱਲੇ ਹੈ ਤਾਂ ਉਸ ਨੂੰ ਦਿਨ ’ਚ ਪੰਜ ਤੋਂ ਛੇ ਵਾਰ 25 ਤੋਂ 30 ਮਿੰਟ ਲਈ ਇਸ ਤਰ੍ਹਾਂ ਕਰਨਾ ਚਾਹੀਦਾ ਹੈ।

ਐਕਯੂਪ੍ਰੈਸ਼ਰ ਬਿੰਦੂ: LU4 ਬਿੰਦੂ ਨੂੰ ਸਰੀਰ ਦਾ ‘ਆਕਸੀਜਨ ਬਿੰਦੂ’ ਵੀ ਕਿਹਾ ਜਾਂਦਾ ਹੈ। ਸਰੀਰ ਵਿੱਚ ਆਕਸੀਜਨ ਦੇ ਪੱਧਰ ਨੂੰ ਵਧਾਉਣ ਲਈ ਇਸ ਬਿੰਦੂ ਨੂੰ ਲਗਾਤਾਰ 10 ਵਾਰ ਦਬਾਓ। ਇਹ ਬਿੰਦੂ ਦੋਹਾਂ ਬਾਹਾਂ 'ਤੇ ਸਥਿਤ ਹੈ। ਇਸ ਕਿਰਿਆ ਨੂੰ ਦਿਨ ਵਿੱਚ ਕਈ ਵਾਰ ਥੋੜ੍ਹੀ-ਥੋੜ੍ਹੀ ਦੇਰ ਬਾਅਦ ਦੁਹਰਾਓ, ਵਿਸ਼ੇਸ਼ ਤੌਰ ‘ਤੇ ਉਦੋਂ ਜਦੋਂ ਕਿਸੇ ਨੂੰ ਮੈਡੀਕਲ ਆਕਸੀਜਨ ਦੀ ਲੋੜ ਮਹਿਸੂਸ ਹੁੰਦੀ ਹੈ, ਤਾਂ ਹਸਪਤਾਲ ਜਾਣ ਅਤੇ ਆਕਸੀਜਨ ਮਿਲਣ ਤੱਕ ਇਸ ਬਿੰਦੂ ਨੂੰ ਜ਼ਰੂਰ ਦਬਾਓ। ਇਸੇ ਤਰ੍ਹਾਂ LU3 ਵੀ ਇੱਕ ਮਹੱਤਵਪੂਰਣ ਬਿੰਦੂ ਹੈ ਜਿਸਨੂੰ ‘ਦੈਵੀ ਮਹਿਲ’ ਬਿੰਦੂ ਵੀ ਕਿਹਾ ਜਾਂਦਾ ਹੈ। ਇਹ ਬਿੰਦੂ ਫੇਫੜਿਆਂ ਦੀ ਸਫਾਈ ਕਰਦਾ ਹੈ। ਖਾਂਸੀ, ਦਮਾ, ਬ੍ਰੋਨਕਾਇਟਿਸ, ਸਾਹ ਚੜ੍ਹਨ ’ਤੇ, ਛਾਤੀ ਵਿੱਚ ਸਾਂ-ਸਾਂ (ਘਰਰ-ਘਰਰ) ਹੋਣ ‘ਤੇ ਅਤੇ ਨਿਮੋਨਿਆ ਦੀ ਹਾਲਤ ਵਿੱਚ ਮਦਦ ਕਰਦਾ ਹੈ। ਇਸ ਬਿੰਦੂ ‘ਤੇ ਵੀ ਇਲਾਜ LU4 ਬਿੰਦੂ ਦੀ ਤਰ੍ਹਾਂ ਹੀ ਕਰਨਾ ਹੈ।

ਚੰਗੀ ਮਾਤਰਾ ਵਿੱਚ ਸਿਹਤਮੰਦ ਤਰਲ ਪਦਾਰਥਾਂ ਦੀ ਵਰਤੋਂ: ਚੰਗੀ ਮਾਤਰਾ ਵਿੱਚ ਪਾਣੀ ਅਤੇ ਸਿਹਤਮੰਦ ਤਰਲ ਪਦਾਰਥ ਜਿਵੇਂ ਕਿ ਤਾਜ਼ੇ ਫਲਾਂ ਦਾ ਰਸ, ਸਬਜ਼ੀਆਂ ਦਾ ਸੂਪ, ਆਦਿ ਸਰੀਰ ਵਿੱਚ ਪਾਣੀ ਦਾ ਸੰਤੁਲਨ ਬਣਾ ਕੇ ਰੱਖਦੇ ਹਨ (ਸਾਨੂੰ ਹਾਇਡ੍ਰੇਟਿਡ ਰੱਖਦੇ ਹਨ) ਜਿਸ ਕਰਕੇ ਖੂਨ ਦਾ ਸੰਚਾਰ ਸਹੀ ਹੁੰਦਾ ਹੈ ਅਤੇ ਆਕਸੀਜਨ ਤੇ ਦੂਜੇ ਪੋਸ਼ਕ ਤੱਤ (ਵਿਟਾਮਿਨ, ਖਣਿਜ, ਆਦਿ) ਸਰੀਰ ਦੇ ਹਰੇਕ ਹਿੱਸੇ ਤੱਕ ਸਹੀ ਮਾਤਰਾ ਵਿੱਚ ਪਹੁੰਚਦੇ ਹਨ ਅਤੇ ਸਾਨੂੰ ਤੰਦਰੁਸਤ ਰਖਦੇ ਹਨ। ਇਸ ਦੇ ਉਲਟ ਚਾਹ, ਕਾਫੀ, ਸ਼ਰਾਬ, ਸੋਡਾ, ਡੱਬਾਬੰਦ ਜੂਸ, ਕੋਲਡ ਡ੍ਰਿੰਕ ਆਦਿ ਮੂਤਰ-ਵਰਧਕ (ਡਾਇਯੂਰੈਟਿਕ) ਦਾ ਕੰਮ ਕਰਦੇ ਹਨ ਜਿਸ ਕਰਕੇ ਸਰੀਰ ਵਿਚੋਂ ਵਾਧੂ ਮਾਤਰਾ ਵਿੱਚ ਪਾਣੀ ਬਾਹਰ ਨਿਕਲਦਾ ਹੈ ਅਤੇ ਡੀ-ਹਾਇਡ੍ਰੇਸ਼ਨ ਹੁੰਦੀ ਹੈ।

ਰਸੋਈ/ਘਰ ਦੀ ਬਗੀਚੀ ਵਿੱਚ ਮੌਜੂਦ ਔਸ਼ਧੀਆਂ ਦੀ ਵਰਤੋਂ: ਆਯੁਰਵੇਦ ਦੇ ਅਨੁਸਾਰ ਰਸੋਈ/ਘਰ ਦੀ ਬਗੀਚੀ ਵਿੱਚ ਮੌਜੂਦ ਔਸ਼ਧੀਆਂ ਦੀ ਵਰਤੋਂ ਕਰਕੇ ਅਸੀਂ ਸਾਹ-ਪ੍ਰਣਾਲੀ ਨੂੰ ਦਰੁਸਤ ਕਰ ਸਕਦੇ ਹਨ ਜਿਵੇਂ ਕਿ ਹਲਦੀ ਵਾਲਾ ਪਾਣੀ ਜਾਂ ਦੁੱਧ ਸਾਹ ਦੀ ਨਲੀ ਵਿੱਚ ਆਈ ਸੋਜ਼ਿਸ਼ ਨੂੰ ਘੱਟ ਕਰਦਾ ਹੈ। ਇਸ ਵਿੱਚ ਮੌਜੂਦ ਕਰਕਯੂਮਿਨ ਫੇਫੜਿਆਂ ਨੂੰ ਮਜ਼ਬੂਤ ਅਤੇ ਸਿਹਤਮੰਦ ਬਣਾਉਂਦਾ ਹੈ। ਇਸੇ ਤਰ੍ਹਾਂ ਪੁਦੀਨਾ ਵੀ ਸਾਹ ਨਾਲ ਜੁੜੀਆਂ ਸਮੱਸਿਆਵਾਂ ਨੂੰ ਦਰੁਸਤ ਕਰਦਾ ਹੈ। ਇਹ ਰੇਸ਼ੇ ਨੂੰ ਬਾਹਰ ਕੱਢਣ, ਗਲੇ ਦੀ ਖ਼ਰਾਸ਼ ਅਤੇ ਸਾਹ-ਪ੍ਰਣਾਲੀ ਵਿੱਚ ਆਈਆਂ ਦਿੱਕਤਾਂ ਨੂੰ ਦੂਰ ਕਰਦਾ ਹੈ। ਅਦਰਕ ਵੀ ਆਪਣੇ ਸੋਜ਼ਿਸ਼-ਵਿਰੋਧੀ (anti-inflammatory) ਗੁਣਾਂ ਕਰਕੇ ਆਮ ਖਾਂਸੀ-ਜ਼ੁਕਾਮ ਵਿੱਚ ਲਾਭ ਪਹੁੰਚਾਉਂਦਾ ਹੈ ਅਤੇ ਸਾਹ ਦੀ ਨਲੀ ਵਿੱਚ ਮੌਜੂਦ ਜ਼ਹਿਰੀਲੇ ਤੱਤਾਂ ਨੂੰ ਬਾਹਰ ਕੱਢ ਕੇ ਰੋਗ-ਪ੍ਰਤੀਰੋਧਕ ਸ਼ਕਤੀ ਨੂੰ ਵਧਾਉਂਦਾ ਹੈ। ਇਸੇ ਤਰ੍ਹਾਂ ਸ਼ਹਿਦ ਵੀ ਫੇਫੜਿਆਂ ਅਤੇ ਸਾਹ-ਪ੍ਰਣਾਲੀ ਦੇ ਰੋਗਾਂ ਵਿੱਚ ਵਿਸ਼ੇਸ਼ ਲਾਭਕਾਰੀ ਹੈ। ਇਹ ਬਲਗਮ ਨੂੰ ਬਾਹਰ ਕੱਢਣ ਅਤੇ ਫੇਫੜਿਆਂ ਵਿੱਚ ਆਈ ਸੋਜ਼ਿਸ਼ ਨੂੰ ਘੱਟ ਕਰਦਾ ਹੈ। ਤੁਲਸੀ ਦੇ ਪੱਤਿਆਂ ਦਾ ਰਸ ਸ਼ਹਿਦ ਅਤੇ ਅਦਰਕ ਦੇ ਰਸ ਵਿੱਚ ਮਿਲਾ ਕੇ ਲੈਣ ਨਾਲ ਬ੍ਰੋਨਕਾਇਟਿਸ, ਦਮਾ, ਖਾਂਸੀ, ਛਾਤੀ ਦੀ ਜਕੜਨ ਆਦਿ ਰੋਗਾਂ ਵਿੱਚ ਵਿਸ਼ੇਸ਼ ਲਾਭ ਮਿਲਦਾ ਹੈ।

ਨਿਰੰਤਰ ਨਿਯੰਤ੍ਰਿਤ ਭੋਜਨ: ਸਾਦਾ ਅਤੇ ਪੌਸ਼ਟਿਕ ਭੋਜਨ ਚੰਗੀ ਸਿਹਤ ਲਈ ਵਰਦਾਨ ਹੈ। ਮਨੁੱਖ ਨੂੰ ਬਹੁਤੀਆਂ ਬਿਮਾਰੀਆਂ ਗਲਤ ਖਾਣ-ਪੀਣ ਜਾਂ ਲੋੜ ਤੋਂ ਵੱਧ ਖਾਣ ਨਾਲ ਹੀ ਹੁੰਦੀਆਂ ਹਨ। ਲੋੜ ਤੋਂ ਵੱਧ ਖਾਣ ਨਾਲ ਡਾਇਆਫ੍ਰਾਮ (ਪੇਟ ਅਤੇ ਛਾਤੀ ਦੇ ਵਿਚਕਾਰ ਸਥਿਤ ਝਿੱਲੀ) ‘ਤੇ ਭਾਰ ਪੈਂਦਾ ਹੈ ਜਿਸ ਕਾਰਣ ਫੇਫੜਿਆਂ ਵਿੱਚ ਪੂਰੀ ਆਕਸੀਜਨ ਨਹੀਂ ਭਰ ਸਕਦੀ ਅਤੇ ਸਾਹ ਲੈਣ ਵਿੱਚ ਦਿੱਕਤ ਹੁੰਦੀ ਹੈ। ਇਸੇ ਤਰ੍ਹਾਂ ਤਲੇ ਅਤੇ ਭਾਰੇ ਭੋਜਨ, ਜਿਹੜੇ ਕਬਜ਼, ਗੈਸ ਅਤੇ ਐਸੀਡਿਟੀ ਦਾ ਕਾਰਣ ਬਣਦੇ ਹਨ, ਪੇਟ ਵਿੱਚ ਅਫਾਰਾ ਪੈਦਾ ਕਰਦੇ ਹਨ ਅਤੇ ਡਾਇਆਫ੍ਰਾਮ ਨੂੰ ਉੱਪਰ ਵੱਲ ਨੂੰ ਧਕਦੇ ਹਨ ਅਤੇ ਸਾਹ ਨਾਲ ਜੁੜੀਆਂ ਦਿੱਕਤਾਂ ਪੈਦਾ ਕਰਦੇ ਹਨ।

ਵਿਟਾਮਿਨ ਏ, ਸੀ ਅਤੇ ਡੀ: ਫੇਫੜਿਆਂ ਨੂੰ ਤੰਦਰੁਸਤ ਰੱਖਣ ਵਿੱਚ ਵਿਟਾਮਿਨਾਂ ਦਾ ਬਹੁਤ ਵੱਡਾ ਯੋਗਦਾਨ ਹੈ ਵਿਸ਼ੇਸ਼ ਕਰ ਕੇ ਵਿਟਾਮਿਨ ਏ, ਸੀ ਅਤੇ ਡੀ। ਵਿਟਾਮਿਨ ਏ ਫੇਫੜਿਆਂ ਦੇ ਤੰਤੂਆਂ ਦੀ ਮੁਰੰਮਤ ਦਾ ਕੰਮ ਕਰਦਾ ਹੈ ਅਤੇ ਸਰੀਰ ਦੀ ਰੋਗ-ਪ੍ਰਤੀਰੋਧਕ ਸ਼ਕਤੀ ਨੂੰ ਵਧਾਉਂਦਾ ਹੈ। ਦੁੱਧ ਅਤੇ ਦੁੱਧ ਤੋਂ ਬਣੇ ਪਦਾਰਥ, ਮੱਛੀ, ਗਾਜਰਾਂ, ਖ਼ਰਬੂਜਾ ਆਦਿ ਵਿਟਾਮਿਨ ਏ ਦੇ ਚੰਗੇ ਸਰੋਤ ਹਨ। ਵਿਟਾਮਿਨ ਸੀ ਫੇਫੜਿਆਂ 'ਚੋਂ ਪ੍ਰਦੂਸ਼ਣ ਜਾਂ ਸਿਗਰਟ ਪੀਣ ਨਾਲ ਪੈਦਾ ਹੋਏ ਜ਼ਹਿਰੀਲੇ ਪਦਾਰਥਾਂ ਨੂੰ ਬਾਹਰ ਕੱਢਦਾ ਹੈ, ਫੇਫੜਿਆਂ ਦੇ ਅਤੇ ਸਰੀਰ ਦੇ ਸੈੱਲਾਂ ਦੀ ਮੁਰੰਮਤ ਦਾ ਕੰਮ ਕਰਦਾ ਹੈ ਅਤੇ ਸਰੀਰ ਦੀ ਰੋਗ-ਪ੍ਰਤੀਰੋਧਕ ਸ਼ਕਤੀ ਨੂੰ ਵਧਾਉਂਦਾ ਹੈ। ਵਿਟਾਮਿਨ ਸੀ ਦੀ ਪੂਰਤੀ ਖੱਟੇ ਫਲਾਂ, ਅਮਰੂਦ, ਅੰਬ, ਆਦਿ ਤੋਂ ਹੁੰਦੀ ਹੈ। ਇਸੇ ਤਰ੍ਹਾਂ ਵਿਟਾਮਿਨ ਡੀ ਨਾ ਸਿਰਫ ਸਰੀਰ ਵਿਚ ਹੱਡੀਆਂ, ਮਾਸਪੇਸ਼ੀਆਂ ਨੂੰ ਮਜ਼ਬੂਤ ਬਣਾਉਣ ਜਾਂ ਸਰੀਰ ਦੀ ਰੋਗ-ਪ੍ਰਤਿਰੋਧਕ ਸ਼ਕਤੀ ਨੂੰ ਵਧਾਉਣ ਲਈ ਜ਼ਰੂਰੀ ਹੈ, ਬਲਕਿ ਫੇਫੜਿਆਂ ਦੀ ਸੁਰੱਖਿਆ ਲਈ ਇਹ ਇੱਕ ਰੱਖਿਆ-ਕਵਚ ਦੀ ਤਰ੍ਹਾਂ ਕੰਮ ਕਰਦਾ ਹੈ। ਸਰੀਰ ਵਿੱਚ ਵਿਟਾਮਿਨ ਡੀ ਦੀ ਲੋੜੀਂਦੀ ਮਾਤਰਾ ਸਾਧਾਰਣ ਜ਼ੁਕਾਮ, ਫਲੂ ਆਦਿ ਰੋਗਾਂ ਤੋਂ ਬਚਾਉਣ ਤੋਂ ਇਲਾਵਾ ਫੇਫੜਿਆਂ ਦੇ ਗੰਭੀਰ ਰੋਗਾਂ ਜਿਵੇਂ ਬ੍ਰੋਨਕਾਇਟਿਸ, ਦਮਾ, ਨਿਮੋਨਿਆ ਅਤੇ ਮੌਜੂਦਾ ਕੋਰੋਨਾ ਬਿਮਾਰੀ ਨੂੰ ਵੀ ਮਾਰੂ ਹੋਣ ਤੋਂ ਰੋਕਦੀ ਹੈ। ਧੁੱਪ ਵਿਟਾਮਿਨ-ਡੀ ਦੀ ਪੂਰਤੀ ਦਾ ਇੱਕ ਵੱਡਾ ਸਰੋਤ ਹੈ। ਇਸ ਤੋਂ ਇਲਾਵਾ ਦੁੱਧ ਅਤੇ ਦੁੱਧ ਤੋਂ ਬਣੇ ਪਦਾਰਥਾਂ, ਅੰਡਾ, ਮੱਛੀ, ਖੁੰਬਾਂ, ਆਦਿ ਵਿਟਾਮਿਨ ਡੀ ਦੇ ਚੰਗੇ ਸਰੋਤ ਹਨ।

ਸਾਫ-ਸੁਥਰਾ ਵਾਤਾਵਰਣ: ਆਕਸੀਜਨ ਦੇ ਲੋੜੀਂਦੇ ਪੱਧਰ ਨੂੰ ਕਾਇਮ ਰੱਖਣ ਵਿੱਚ ਵਾਤਾਵਰਣ ਦਾ ਬਹੁਤ ਵੱਡਾ ਯੋਗਦਾਨ ਹੈ। ਰੁੱਖ ਨਾ ਸਿਰਫ ਸਾਨੂੰ ਸਾਹ ਲੈਣ ਲਈ ਆਕਸੀਜਨ ਦਿੰਦੇ ਹਨ, ਬਲਕਿ ਸਾਡੇ ਸਰੀਰ ਵਿਚੋਂ ਨਿਕਲੀ ਹੋਈ ਕਾਰਬਨ-ਡਾਇਕਸਾਈਡ ਅਤੇ ਹੋਰ ਗੈਸਾਂ ਨੂੰ ਸੋਖਦੇ ਹਨ ਅਤੇ ਵਾਤਾਵਰਣ ਨੂੰ ਸਾਫ ਰੱਖਦੇ ਹਨ। ਇਸ ਕਰਕੇ ਰੁੱਖਾਂ ਦਾ ਵੱਧ ਤੋਂ ਵੱਧ ਰੋਪਣ ਕਰਨਾ ਚਾਹੀਦਾ ਹੈ। ਇਸ ਤੋਂ ਇਲਾਵਾ ਘਰ ਵਿੱਚ ਪੂਰੀ ਵੈਂਟੀਲੇਸ਼ਨ ਹੋਣੀ ਚਾਹੀਦੀ ਹੈ ਤਾਂਕਿ ਸਾਫ-ਸੁਥਰੀ ਅਤੇ ਤਾਜ਼ੀ ਹਵਾ ਘਰ ਅੰਦਰ ਦਾਖਿਲ ਹੁੰਦੀ ਰਹੇ। ਹਵਾ ਜਿੰਨੀ ਸਾਫ-ਸੁਥਰੀ ਹੋਵੇਗੀ, ਓਨੇ ਸਾਡੇ ਫੇਫੜੇ ਸਿਹਤਮੰਦ ਰਹਿਣਗੇ ਅਤੇ ਓਨੇ ਹੀ ਅਸੀਂ ਤੰਦਰੁਸਤ ਰਹਾਂਗੇ।

ਫੇਫੜਿਆਂ ਦੀ ਸਿਹਤ ਨੂੰ ਪਰਖਣ ਲਈ ਮੇਦਾਂਤਾ ਹਸਪਤਾਲ ਦੇ ਛਾਤੀ ਦੇ ਰੋਗਾਂ ਦੇ ਮਾਹਿਰ ਡਾਕਟਰ ਅਰਵਿੰਦ ਕੁਮਾਰ ਅਨੁਸਾਰ ਹੇਠ ਲਿਖੇ ਦੋ ਪਰੀਖਣ ਕੀਤੇ ਜਾ ਸਕਦੇ ਹਨ:

ਛੇ-ਮਿੰਟ ਸੈਰ ਪਰੀਖਣ: ਇਸ ਪਰੀਖਣ ਦੇ ਅਨੁਸਾਰ ਵਿਅਕਤੀ ਨੂੰ ਛੇ ਮਿੰਟ ਬਿਨਾ ਰੁਕੇ ਤੁਰਨਾ ਚਾਹੀਦਾ ਹੈ। ਤੁਰਨ ਤੋਂ ਪਹਿਲਾਂ ਅਤੇ ਤੁਰਨਾ ਖਤਮ ਕਰਨ ਤੋਂ ਬਾਅਦ ਆਕਸੀਮੀਟਰ ’ਤੇ ਆਕਸੀਜਨ ਦਾ ਪੱਧਰ ਦੇਖਣਾ ਚਾਹੀਦਾ ਹੈ। ਜੇਕਰ ਇਹ ਪੱਧਰ ਪਹਿਲਾਂ ਜਿੰਨਾ ਹੀ ਰਹੇ ਤਾਂ ਵਿਅਕਤੀ ਤੰਦਰੁਸਤ ਹੈ। ਜੇਕਰ ਇਹ ਪੱਧਰ 1-2% ਤੱਕ ਗੈਰ ਜਾਵੇ, ਤਾਂ ਵੀ ਕੋਈ ਚਿੰਤਾ ਦੀ ਗੱਲ ਨਹੀਂ ਹੈ। ਲੇਕਿਨ ਜੇਕਰ ਇਹ ਪੱਧਰ 93 ਤੋਂ ਹੇਠਾਂ ਹੋ ਜਾਵੇ, ਜਾਂ 3% ਤੱਕ ਗੈਰ ਜਾਵੇ ਜਾਂ ਫਿਰ ਵਿਅਕਤੀ ਨੂੰ ਸਾਹ ਚੜ੍ਹਨ ਲੱਗ ਜਾਵੇ ਤਾਂ ਉਸ ਨੂੰ ਡਾਕਟਰੀ ਸਹਾਇਤਾ ਦੀ ਲੋੜ ਹੈ।

ਲੰਬਾ ਸਾਹ ਲੈਣ ਅਤੇ ਰੋਕਣ ਦੀ ਕਿਰਿਆ: ਇਸ ਕਿਰਿਆ ਵਿੱਚ ਲੰਬਾ ਸਾਹ ਲੈ ਕੇ ਰੋਕਿਆ ਜਾਂਦਾ ਹੈ। ਸ਼ੁਰੂ ਵਿੱਚ ਹੋ ਸਕਦਾ ਹੈ ਸਾਹ ਰੋਕ ਕੇ ਰੱਖਣ ਦਾ ਸਮਾਂ 8-10 ਸੈਕਿੰਡ ਹੀ ਹੋਵੇ। ਲੇਕਿਨ ਇਸ ਨੂੰ ਕੋਸ਼ਿਸ਼ ਕਰ ਕੇ ਹਰ ਰੋਜ਼ 2-3 ਸੈਕਿੰਡ ਵਧਾਉਂਦੇ ਜਾਣਾ ਹੈ। ਜਦੋਂ ਇਹ ਸਮਾਂ 25 ਸੈਕਿੰਡ ਹੋ ਜਾਵੇ, ਤਾਂ ਇਸ ਦਾ ਮਤਲਬ ਹੈ ਕਿ ਤੁਸੀਂ ਸੁਰੱਖਿਅਤ ਖੇਤਰ ਵਿੱਚ ਹੋ। ਇਸ ਸਮੇਂ ਨੂੰ ਕੋਸ਼ਿਸ਼ ਕਰ ਕੇ ਹੌਲੀ-ਹੌਲੀ ਵਧਾਉਂਦੇ ਜਾਓ। ਇਸ ਨਾਲ ਫੇਫੜੇ ਏਨੇ ਮਜ਼ਬੂਤ ਹੋ ਜਾਣਗੇ ਕਿ ਜੇਕਰ ਥੋੜ੍ਹਾ-ਬਹੁਤ ਇਨਫੈਕਸ਼ਨ ਆ ਵੀ ਜਾਵੇਗਾ ਤਾਂ ਉਹ ਆਕਸੀਜਨ ਦੇ ਪੱਧਰ ਤੇ ਅਸਰ ਨਹੀਂ ਕਰੇਗਾ।

ਇੱਕ ਅਹਿਮ ਗੱਲ ਹੋਰ, ਜਿੰਨਾ ਹੋ ਸਕੇ ਤਣਾਅ ਤੋਂ ਬਚ ਕੇ ਰਹਿਣਾ। ਤਣਾਅ ਦੀ ਹਾਲਤ ਵਿੱਚ ਸਰੀਰ ਦੇ ਅੰਦਰ ‘ਸਟਰੈੱਸ ਹਾਰਮੋਨ’ ਪੈਦਾ ਹੁੰਦਾ ਹੈ ਜਿਸ ਕਰ ਕੇ ਦਿਲ ਦੀ ਧੜਕਣ ਵੱਧ ਜਾਂਦੀ ਹੈ ਅਤੇ ਸਰੀਰ ਵਿੱਚ ਆਕਸੀਜਨ ਦੀ ਲੋੜ ਵੱਧ ਜਾਂਦੀ ਹੈ। ਸਾਹ ਅਤੇ ਦਮੇ ਦੇ ਰੋਗੀਆਂ ਲਈ ਇਹ ਮੁਸੀਬਤ ਦਾ ਕਾਰਣ ਵੀ ਬਣ ਸਕਦਾ ਹੈ। ਸੋ ਇਨ੍ਹਾਂ ਗੱਲਾਂ ਦਾ ਧਿਆਨ ਰੱਖ ਕੇ ਅਸੀਂ ਆਪਣੇ ਫੇਫੜਿਆਂ ਦੀ ਤਾਕਤ ਨੂੰ ਵਧਾ ਕੇ ਕੁਦਰਤੀ ਤੌਰ 'ਤੇ ਹੀ ਸਰੀਰ ਵਿੱਚ ਆਕਸੀਜਨ ਦੇ ਪੱਧਰ ਵਿੱਚ ਸੁਧਾਰ ਕਰ ਸਕਦੇ ਹਾਂ ਅਤੇ ਮੈਡੀਕਲ ਆਕਸੀਜਨ ਦੀ ਲੋੜ ਤੋਂ ਕਾਫੀ ਹੱਦ ਤੱਕ ਬਚ ਸਕਦੇ ਹਾਂ।

ਸੰਜੀਵ ਕੁਮਾਰ ਸ਼ਰਮਾ

98147-11605










Punjabi Tribune (04.06.2021)

Saturday, March 20, 2021

ਬਸੰਤ ਰੁਤਿ ਆਈ (Here comes the Spring season)

ਪ੍ਰਫੁੱਲਤਾ ਪ੍ਰਦਾਨ ਕਰਦੀ ਇਸ ਰੁੱਤ ਵਿੱਚ ਆਹਾਰ ਅਤੇ ਵਿਹਾਰ ਦੇ ਨਿਯਮ


ਭਾਰਤ ਅਨੇਕ ਰੁੱਤਾਂ ਦਾ ਦੇਸ਼ ਹੈ। ਵੰਨ ਸੁਵੰਨੀਆਂ ਰੁੱਤਾਂ ਵਾਲੇ ਇਸ ਦੇਸ਼ ਵਿਚ, ਚੇਤ-ਵਿਸਾਖ (ਮੱਧ ਮਾਰਚ ਤੋਂ ਮੱਧ ਮਈ), ਦਾ ਸਮਾਂ ਬਸੰਤ ਰੁੱਤ ਅਧੀਨ ਆਉਂਦਾ ਹੈਫੁੱਲ ਖਿੜਨ ਅਤੇ ਨਵੇਂ ਪੱਤਿਆਂ ਦੇ ਆਗਮਨ ਦੀ ਇਸ ਰੁੱਤ ਨੂੰ ਛੇ ਰੁੱਤਾਂਬਸੰਤਗ੍ਰੀਸ਼ਮ (ਗਰਮੀ)ਵਰਸ਼ਾ (ਬਰਸਾਤ)ਸ਼ਰਦ (ਪਤਝੜ)ਹੇਮੰਤ (ਸਰਦੀ ਤੋਂ ਪਹਿਲਾਂ) ਅਤੇ ਸ਼ਿਸ਼ਿਰ (ਸਰਦੀ) ਵਿਚੋਂ 'ਸ਼੍ਰੋਮਣੀ ਰੁੱਤ' ਅਤੇ 'ਰੁੱਤਾਂ ਦਾ ਰਾਜਾ' ਮੰਨਿਆ ਜਾਂਦਾ ਹੈਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਇਸਨੂੰ ਰਸ-ਭਿੰਨੀ (ਰੁਤਿ ਸਰਸ ਬਸੰਤ ਮਾਹ ਚੇਤੁ ਵੈਸਾਖ ਸੁਖ ਮਾਸੁ ਜੀਉ) ਅਤੇ ਸੁਹਣੀ (ਚੜਿ ਚੇਤੁ ਬਸੰਤੁ ਮੇਰੇ ਪਿਆਰੇ ਭਲੀਅ ਰੁਤੇ)  ਰੁੱਤ ਕਰਕੇ ਸਲਾਹਿਆ ਗਿਆ ਹੈਭਗਵਤ ਗੀਤਾ ਵਿੱਚ ਵੀ ਭਗਵਾਨ ਸ੍ਰੀ ਕ੍ਰਿਸ਼ਨ ਮਾਸਾਨਾਮ ਮਾਰਗਾਸ਼ੀਰਸ਼ੋਹਮ ਰਿਤੁਨਾਮ ਕੁਸੁਮਾਕਰਾਹ ਸ਼ਲੋਕ ਵਿੱਚ ਆਪਣੇ ਬਾਰੇ ਦੱਸਦੇ ਹੋਏ ਕਹਿੰਦੇ ਹਨ ਕਿ ਮਹੀਨਿਆਂ ਵਿਚੋਂ ਮੈਂ ਮੱਘਰ ਦਾ ਮਹੀਨਾ ਹਾਂ ਅਤੇ ਸਾਰੀਆਂ ਰੁੱਤਾਂ ਵਿਚੋਂ ਮੈਂ ਫੁੱਲਾਂ ਦੇ ਖਿੜਨ ਵਾਲੀ ਬਸੰਤ ਰੁੱਤ ਹਾਂ

ਨਾ ਜ਼ਿਆਦਾ ਗਰਮੀ, ਨਾ ਜ਼ਿਆਦਾ ਸਰਦੀ ਅਤੇ ਨਾ ਬਰਸਾਤ ਵਾਲੀ ਇਸ ਰੁੱਤ ਦੇ ਆਉਣ ਨਾਲ ਨਾ ਸਿਰਫ ਕੁਦਰਤ, ਬਲਕਿ ਹਰੇਕ ਪ੍ਰਾਣੀ ਵੀ ਝੂਮ ਉਠਦਾ ਹੈ ਸਾਰੀ ਬਨਸਪਤੀ ਦੀ ਰਗ-ਰਗ ਵਿਚ ਨਵੇਂ ਜੀਵਨ ਦਾ ਸੰਚਾਰ ਹੋਣ ਲੱਗਦਾ ਹੈ ਗੱਲ ਕੀ, ਇਸ ਰੁੱਤ ਦੇ ਆਉਣ ਨਾਲ ਸਾਰੀ
ਦੁਨੀਆਂ ਦੀ ਨੁਹਾਰ ਹੀ ਬਦਲ ਜਾਂਦੀ ਹੈ
ਭਾਰਤੀ ਉਪਮਹਾਂਦੀਪ ਦੇ ਵਾਤਾਵਰਣ ਦੀ ਸਥਿਤੀ ਨੂੰ ਧਿਆਨ ਵਿਚ ਰੱਖਦੇ ਹੋਏ ਆਯੁਰਵੇਦ ਵਿਚ ਸਾਲ ਨੂੰ ਦੋ-ਦੋ ਮਹੀਨੇ ਦੀਆਂ, ਉੱਪਰ ਦੱਸੀਆਂ, ਛੇ ਰੁੱਤਾਂ ਵਿਚ ਵੰਡਿਆ ਗਿਆ ਹੈ ਸਾਡੇ ਸਰੀਰ ਤੇ ਖਾਣ-ਪਾਣ ਤੋਂ ਇਲਾਵਾ ਮੌਸਮ ਅਤੇ ਜਲਵਾਯੂ ਦਾ ਵੀ ਪ੍ਰਭਾਵ ਪੈਂਦਾ ਹੈ

ਕਿਸੇ ਇੱਕ ਮੌਸਮ ਵਿੱਚ ਕੋਈ ਇੱਕ ਦੋਸ਼ (ਵਾਤ, ਪਿੱਤ ਅਤੇ ਕਫ਼) ਵਧਦਾ ਹੈ ਅਤੇ ਕੋਈ ਦੂਸਰਾ ਸ਼ਾਂਤ ਹੁੰਦਾ ਹੈ, ਜਦ ਕਿ ਦੂਸਰੇ ਮੌਸਮ ਵਿੱਚ ਕੋਈ ਹੋਰ ਦੋਸ਼ ਵਧਦਾ ਘਟਦਾ ਹੈ। ਇਸੇ ਲਈ ਆਯੁਰਵੇਦ ਵਿੱਚ ਹਰ ਮੌਸਮ ਦੇ ਹਿਸਾਬ ਨਾਲ ਰਹਿਣ-ਸਹਿਣ ਅਤੇ ਖਾਣ-ਪਾਣ ਦੇ ਨਿਰਦੇਸ਼ ਦਿੱਤੇ ਗਏ ਹਨਇਨ੍ਹਾਂ ਨਿਰਦੇਸ਼ਾਂ ਦਾ ਪਾਲਣ ਕਰਕੇ ਅਸੀਂ ਨਿਰੋਗ ਰਹਿ ਸਕਦੇ ਹਾਂ।

ਬਸੰਤ ਰੁੱਤ ਅਸਲ ਵਿਚ ਸਰਦੀ ਅਤੇ ਗਰਮੀ ਦੇ ਵਿਚਕਾਰ ਸੰਧੀਕਾਲ ਹੈ। ਸੰਧੀ ਹੋਣ ਕਰਕੇ ਥੋੜ੍ਹਾ-ਥੋੜ੍ਹਾ ਅਸਰ ਇਨ੍ਹਾਂ ਦੋਹਾਂ ਰੁੱਤਾਂ ਦਾ ਹੁੰਦਾ ਹੈ। ਕੁਦਰਤ ਨੇ ਇਹ ਪ੍ਰਬੰਧ ਇਸ ਲਈ ਕੀਤਾ ਹੈ ਤਾਂ ਕਿ ਮਨੁੱਖ ਨੂੰ ਸਰਦੀ ਦੀ ਰੁੱਤ ’ਚੋਂ ਗਰਮੀ ਦੀ ਰੁੱਤ ਵਿਚ ਜਾਣ ਵਿਚ ਕੋਈ ਦਿੱਕਤ ਨਾ ਆਏ। ਇਸ ਕਰ ਕੇ ਇਸ ਰੁੱਤ ਨੂੰ ਸੰਤੁਲਨ ਬਣਾਉਣ ਦੀ ਰੁੱਤ ਵੀ ਕਿਹਾ ਜਾਂਦਾ ਹੈ। ਪਰ ਇਹ ਸੰਤੁਲਨ ਉਦੋਂ ਹੀ ਕਾਇਮ ਰਹਿੰਦਾ ਹੈ ਜਦੋਂ ਅਸੀਂ ਆਪਣੇ ਖਾਣ-ਪੀਣ ’ਤੇ ਨਿਯੰਤਰਣ ਰੱਖਦੇ ਹਾਂ ਅਤੇ ਆਪਣੀ ਜੀਵਨ-ਸ਼ੈਲੀ ਅਤੇ ਆਦਤਾਂ ਸਹੀ ਰੱਖਦੇ ਹਾਂ। ਹੇਠਾਂ ਅਸੀਂ ਜ਼ਿਕਰ ਕਰਾਂਗੇ ਕਿ ਬਸੰਤ ਰੁੱਤ ਵਿੱਚ ਕਿਨ੍ਹਾਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ

ਬਸੰਤ ਰੁੱਤ ਦਾ ਆਗਮਨ ਸਰਦੀ ਦੀ ਰੁੱਤ ਤੋਂ ਬਾਅਦ ਹੁੰਦਾ ਹੈ। ਸਰਦੀ ਦੀ ਰੁੱਤ ਵਿੱਚ ਭਾਰੇ ਭੋਜਨ ਖਾਧੇ ਹੋਣ ਕਰਕੇ ਸਰੀਰ ਵਿੱਚ ਕਫ਼ ਜਮ੍ਹਾਂ ਹੁੰਦੀ ਹੈ। ਇਸ ਤੋਂ ਇਲਾਵਾ ਅਣਪਚਿਆ ਭੋਜਨ ਵੀ ਜ਼ਹਿਰ ਦੇ ਰੂਪ ਵਿੱਚ (ਜਿਸ ਨੂੰ ਆਮਾ ਵੀ ਕਿਹਾ ਜਾਂਦਾ ਹੈ) ਤਬਦੀਲ ਹੋ ਜਾਂਦਾ ਹੈ। ਜਿਵੇਂ ਧੁੱਪ ਨਾਲ ਸਰਦੀ ਵਿੱਚ ਜੰਮੀ ਹੋਈ ਬਰਫ ਪਿਘਲਦੀ ਹੈ, ਉਸੇ ਤਰ੍ਹਾਂ ਬਸੰਤ ਰੁੱਤ ਦੀ ਹਲਕੀ ਧੁੱਪ ਅਤੇ ਹਲਕੇ ਗਰਮ ਵਾਤਾਵਰਣ ਦੇ ਕਾਰਣ ਸਰੀਰ ਵਿੱਚ ਜਮ੍ਹਾਂ ਕਫ਼ ਦੋਸ਼ ਅਤੇ ਆਮਾ ਪਿਘਲਣ ਲਗਦਾ ਹੈ। ਜਿਥੇ ਆਮਾ ਦੇ ਪਿਘਲਣ ਨਾਲ ਸਰੀਰ ਦੀ ਸੰਚਾਰ ਪ੍ਰਣਾਲੀ ਵਿੱਚ ਰੁਕਾਵਟ ਆ ਜਾਂਦੀ ਹੈ, ਉਥੇ ਕਫ਼ ਦੇ ਪਿਘਲਣ ਨਾਲ ਪਾਚਣ ਅਗਨੀ ਕਮਜ਼ੋਰ ਪੈ ਜਾਂਦੀ ਹੈ। ਇਸ ਲਈ ਜੇਕਰ ਅਸੀਂ ਆਪਣੇ ਸਰੀਰ ਵਿਚੋਂ ਇਨ੍ਹਾਂ ਜ਼ਹਿਰੀਲੇ ਪਦਾਰਥਾਂ ਨੂੰ ਨਹੀਂ ਕਢਦੇ ਤਾਂ ਖਾਂਸੀ, ਜ਼ੁਕਾਮ, ਨਜ਼ਲਾ, ਗਲੇ ਦੀ ਖ਼ਰਾਸ਼, ਟੌਨਸਿਲਜ਼, ਅਪਚ, ਆਦਿ ਰੋਗ ਸਰੀਰ ਨੂੰ ਘੇਰ ਲੈਂਦੇ ਹਨ ਅਤੇ ਸਰੀਰ ਵਿੱਚ ਕਮਜ਼ੋਰੀ, ਥਕਾਵਟ ਅਤੇ ਆਲਸ ਘਰ ਕਰ ਲੈਂਦੇ ਹਨ।

ਇਸ ਰੁੱਤ ਵਿੱਚ ਪਾਚਣ ਸ਼ਕਤੀ ਦਰਮਿਆਨੇ ਪੱਧਰ ਦੀ ਹੋਣ ਕਰਕੇ ਤਾਜ਼ਾ ਅਤੇ ਹਲਕਾ ਭੋਜਨ ਕਰਨ ਦੀ ਸਲਾਹ ਦਿੱਤੀ ਜਾਂਦੀ ਹੈਠੰਢੇ ਅਤੇ ਭਾਰੇ ਭੋਜਨ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਕੌੜੇ (Bitter) , ਤਿੱਖੇ (Pungent) ਅਤੇ ਕੁਸੈਲੇ (Astringent) ਸੁਆਦ ਵਾਲਾ ਭੋਜਨ ਵਿਸ਼ੇਸ਼ ਲਾਭਕਾਰੀ ਹੈ ਜਦਕਿ ਖੱਟੇ (Sour) ਅਤੇ ਮਿੱਠੇ (Sweet) ਸੁਆਦ ਵਾਲੇ ਭੋਜਨ ਤੋਂ ਬਚਣਾ ਚਾਹੀਦਾ ਹੈ। ਸਵੇਰ ਵੇਲੇ ਹਲਕਾ ਨਾਸ਼ਤਾ ਕਰੋ, ਕਿਉਂਕਿ ਉਸ ਵੇਲੇ ਕਫ਼ ਦੋਸ਼ ਪੂਰੇ ਜ਼ੋਰ ਤੇ ਹੁੰਦਾ ਹੈ। ਧਨੀਆ, ਜੀਰਾ, ਹਲਦੀ, ਅਦਰਕ, ਲੌਂਗ, ਲਸਣ, ਸੌਂਫ਼, ਕਾਲੀ ਮਿਰਚ, ਆਦਿ ਦਾ ਲੋੜ ਅਨੁਸਾਰ ਉਪਯੋਗ ਕਰਨਾ ਚਾਹੀਦਾ ਹੈ। ਮੂੰਗ, ਛੋਲੇ, ਪੁਰਾਣੀ ਕਣਕ ਅਤੇ ਚੌਲ ਦਾ ਸੇਵਨ ਕਰਨਾ ਚਾਹੀਦਾ ਹੈ। ਪਾਲਕ, ਜ਼ਿਮੀਕੰਦ, ਕੱਚੀ ਮੂਲੀ, ਪੁਦੀਨਾ, ਕਰੇਲਾ, ਗੋਭੀ, ਗਾਜਰ, ਮੇਥੀ, ਆਦਿ ਸਬਜ਼ੀਆਂ ਦੀ ਵਰਤੋਂ ਕਰਨੀ ਚਾਹੀਦੀ ਹੈ। ਫਲਾਂ ਵਿੱਚ ਅਮਰੂਦ, ਬੇਰ, ਸੰਤਰਾ, ਆਂਵਲਾ, ਨਿੰਬੂ, ਆਦਿ ਦਾ ਉਪਯੋਗ ਲਾਜ਼ਮੀ ਕਰਨਾ ਚਾਹੀਦਾ ਹੈ ਕਿਉਂਕਿ ਇਹ ਵਿਟਾਮਿਨ ਸੀ ਨਾਲ ਭਰਪੂਰ ਹੁੰਦੇ ਹਨ ਅਤੇ ਪਾਚਨ ਕਿਰਿਆ ਨੂੰ ਠੀਕ ਕਰਕੇ ਕਬਜ਼ ਦੀ ਸਮੱਸਿਆ ਨੂੰ ਵੀ ਦੂਰ ਕਰਦੇ ਹਨ

ਇਸ ਰੁੱਤ ਵਿਚ ਨਿੰਮ ਦੀਆਂ ਕਰੂੰਬਲਾਂ ਫੁੱਟਦੀਆਂ ਹਨ। ਕੁਝ ਦਿਨ 10-15 ਕਰੂੰਬਲਾਂ ਕਾਲੀ ਮਿਰਚ ਦੇ 1-2 ਦਾਣਿਆਂ ਨਾਲ ਚਬਾ ਕੇ ਖਾਣ ਨਾਲ ਸਾਲ ਭਰ ਚਮੜੀ ਰੋਗਾਂ ਤੋਂ ਛੁਟਕਾਰਾ ਮਿਲਦਾ ਹੈਲਹੂ ਸਾਫ ਰਹਿੰਦਾ ਹੈ ਅਤੇ ਸਰੀਰ ਦੀ ਰੋਗ-ਪ੍ਰਤੀਰੋਧਕ ਸ਼ਕਤੀ ਵਿਚ ਵਾਧਾ ਹੁੰਦਾ ਹੈ। ਯੋਗ, ਹਲਕੀ ਕਸਰਤ ਅਤੇ ਸਵੇਰ ਦੀ ਸੈਰ ਇਸ ਰੁੱਤ ਵਿਚ ਬਹੁਤ ਹੀ ਲਾਜ਼ਮੀ ਹੈ। ਕਫ਼ ਨੂੰ ਦੂਰ ਕਰਣ ਲਈ ਹਰੜ ਦਾ ਚੂਰਣ ਸ਼ਹਿਦ ਵਿੱਚ ਮਿਲਾ ਕੇ ਲੈਣਾ ਚਾਹੀਦਾ ਹੈ। ਨਵੇਂ ਅਨਾਜ, ਮਾਂਹ, ਰਬੜੀ, ਮਲਾਈ ਵਰਗੇ ਭਾਰੇ ਭੋਜਨ ਤੋਂ ਬਚਣਾ ਚਾਹੀਦਾ ਹੈ। ਇਸੇ ਤਰ੍ਹਾਂ ਇਸ ਰੁੱਤ ਵਿੱਚ ਦਹੀਂ ਦੇ ਉਪਯੋਗ ਤੋਂ ਵੀ ਗੁਰੇਜ਼ ਕਰਨਾ ਚਾਹੀਦਾ ਹੈਭੋਜਨ ਤੋਂ ਪਹਿਲਾਂ ਇੱਕ ਛੋਟਾ ਅਦਰਕ ਦਾ ਟੁਕੜਾ ਸੇਂਧੇ ਨਮਕ ਨਾਲ ਖਾਣ ਨਾਲ ਪਾਚਣ ਸ਼ਕਤੀ ਵਿੱਚ ਵਾਧਾ ਹੁੰਦਾ ਹੈ। ਤੇਲ ਦੀ ਮਾਲਿਸ਼ ਅਤੇ ਉਸ ਤੋਂ ਬਾਅਦ ਇਸ਼ਨਾਨ ਕਰਨ ਨਾਲ ਸਰੀਰ ਵਿੱਚ ਚੁਸਤੀ ਅਤੇ ਤੰਦਰੁਸਤੀ ਆਉਂਦੀ ਹੈ। ਖੁੱਲ੍ਹੇ ਆਕਾਸ਼ ਹੇਠ, ਤ੍ਰੇਲ ਵਿੱਚ ਜਾਂ ਦਿਨ ਵਿਚ ਸੌਣ ਦੀ ਵੀ ਸਲਾਹ ਨਹੀਂ ਦਿੱਤੀ ਜਾਂਦੀ ਕਿਉਂਕਿ ਇਸ ਨਾਲ ਸਰੀਰ ਵਿੱਚ ਕਫ਼ ਤੇਜ਼ੀ ਨਾਲ ਜਮ੍ਹਾਂ ਹੁੰਦਾ ਹੈ ਇਸੇ ਤਰ੍ਹਾਂ ਸੁਸਤ ਜੀਵਨ-ਸ਼ੈਲੀ, ਜਿਹੜੀ ਕਫ਼ ਦੋਸ਼ ਵਿੱਚ ਵਾਧਾ ਕਰਦੀ ਹੈ, ਤੋਂ ਵੀ ਬਚਣਾ ਚਾਹੀਦਾ ਹੈ  ਉਪਵਾਸ ਲਈ ਅਤੇ ਭਾਰ ਘਟਾਉਣ ਲਈ ਇਹ ਸਭ ਤੋਂ ਉੱਤਮ ਰੁੱਤ ਹੈ।

ਸਰੀਰ ਵਿਚੋਂ ਜ਼ਹਿਰੀਲੇ ਪਦਾਰਥਾਂ ਨੂੰ ਬਾਹਰ ਕੱਢਣ ਅਤੇ ਸ਼ੁੱਧੀਕਰਣ (detoxification) ਦੇ ਲਈ ਬਸੰਤ ਰੁੱਤ ਸਭ ਤੋਂ ਵਧੀਆ ਰੁੱਤ ਹੈ। ਇਸ ਰੁੱਤ ਵਿੱਚ ਕੁਦਰਤ ਵਿੱਚ ਵੀ ਸ਼ੁੱਧੀਕਰਣ ਹੁੰਦਾ ਨਜ਼ਰ ਆਉਂਦਾ ਹੈ, ਜਿਵੇਂ ਕਿ ਪੇੜ-ਪੌਦੇ ਨਵੇਂ ਪੱਤਿਆਂ ਅਤੇ ਫੁੱਲਾਂ ਨਾਲ ਖਿੜ ਉਠਦੇ ਹਨ। ਸਹੀ ਆਹਾਰ, ਵਿਹਾਰ ਅਤੇ ਯੋਗ ਦੀ ਮਦਦ ਨਾਲ ਇੱਕ ਬੇਹਤਰ ਜੀਵਨ ਸ਼ੈਲੀ ਦਾ ਨਿਰਮਾਣ ਕਰਕੇ, ਗੁਰਬਾਣੀ ਦੇ ਵਾਕ ਬਸੰਤ ਰੁਤਿ ਆਈਪਰਫੂਲਤਾ ਰਹੇ ਅਨੁਸਾਰ ਰੋਗਾਂ ਤੋਂ ਛੁਟਕਾਰਾ ਪਾ ਕੇ ਤੰਦਰੁਸਤ ਰਿਹਾ ਜਾ ਸਕਦਾ ਹੈ

ਸੰਜੀਵ ਕੁਮਾਰ ਸ਼ਰਮਾ

98147-11605


Punjabi Tribune - 19.03.2021