ਸੰਤੁਲਿਤ ਭੋਜਨ (Balanced Diet) ਕੀ ਹੁੰਦਾ ਹੈ, ਇਹ ਅਸੀਂ ਬਾਖੂਬੀ ਜਾਣਦੇ ਹਾਂ। ਉਹ ਭੋਜਨ ਜਿਸ ਵਿਚ ਸਰੀਰ ਨੂੰ ਬਣਾਉਣ ਲਈ ਪ੍ਰੋਟੀਨ (Protein), ਤਾਕਤ ਦੇਣ ਲਈ ਕਾਰਬੋਹਾਈਡ੍ਰੇਟਸ (Carbohydrates), ਬਿਮਾਰੀਆਂ ਤੋਂ ਬਚਾਅ ਲਈ ਵਿਟਾਮਿਨ (Vitamins), ਚਿਕਨਾਈ (Fat) ਤੇ ਖਣਿਜ (Minerals) ਸਹੀ ਮਾਤਰਾ ਤੇ ਅਨੁਪਾਤ ਵਿਚ ਹੋਣ, ਸੰਤੁਲਿਤ ਭੋਜਨ ਕਹਾਉਂਦਾ ਹੈ। ਪਰ ਕਦੇ ਸੋਚਿਆ ਹੈ ਕਿ ਸੰਤੁਲਿਤ ਭੋਜਨ ਗ੍ਰਹਿਣ ਕਰਨ ਦੇ ਬਾਵਜੂਦ ਕਿਉਂ ਅੱਜ ਅਸੀਂ ਭਿੰਨ ਭਿੰਨ ਬਿਮਾਰੀਆਂ ਨਾਲ ਗ੍ਰਸੇ ਹੋਏ ਹਾਂ। ਨੇਚਰੋਪੈਥੀ ਅਨੁਸਾਰ, ਬਿਮਾਰੀਆਂ ਦਾ ਅਸਲ ਕਾਰਨ ਸਰੀਰ ਵਿਚ ਬਾਹਰੀ ਤੱਤਾਂ (foreign matter) ਦਾ ਜਮ੍ਹਾ ਹੋਣਾ ਹੈ ਜਿਹੜੇ ਪਾਚਨ (digestion) ਅਤੇ ਨਿਕਾਸੀ (excretion) ਕਿਰਿਆਵਾਂ ਵਿਚਕਾਰ ਅਸੰਤੁਲਨ ਦੇ ਕਾਰਨ ਜਮ੍ਹਾ ਹੁੰਦੇ ਹਨ। ਸਰੀਰ ਦੇ ਵੱਖ ਵੱਖ ਭਾਗਾਂ ਵਿਚ ਇਨ੍ਹਾਂ ਬਾਹਰੀ ਤੱਤਾਂ ਦੀ ਮੌਜੂਦਗੀ ਅਤੇ ਮਾਤਰਾ ਕਈ ਬਿਮਾਰੀਆਂ ਜਿਵੇਂ ਕਿ ਅਪਚ, ਕਬਜ਼, ਤੇਜ਼ਾਬੀਪਣ, ਸਿਰ ਦਰਦ, ਪੇਟ ਦਾ ਭਾਰੀਪਣ, ਆਂਤੜੀਆਂ ’ਚ ਸੋਜ਼ਿਸ਼, ਜੋੜਾਂ ਦਾ ਦਰਦ, ਚਿੜਚਿੜਾਪਣ, ਉਦਾਸੀਨਤਾ, ਮੋਟਾਪਾ ਆਦਿ ਨੂੰ ਜਨਮ ਦਿੰਦੀ ਹੈ। ਅੱਜ ਨਾ ਸਿਰਫ਼ ਬਜ਼ੁਰਗ ਅਤੇ ਨੌਜਵਾਨ ਹੀ, ਬਲਕਿ ਬੱਚੇ ਵੀ ਇਨ੍ਹਾਂ ਤਕਲੀਫ਼ਾਂ ਨਾਲ ਗ੍ਰਸੇ ਹੋਏ ਹਨ। ਅਕਸਰ ਲੋਕਾਂ ਨੂੰ ਇਹ ਕਹਿੰਦਿਆਂ ਸੁਣਿਆ ਜਾ ਸਕਦਾ ਹੈ ਕਿ ਖਾਣੇ ਦੀ ਮਾਤਰਾ ’ਤੇ ਕੰਟਰੋਲ ਅਤੇ ਸਿਹਤਮੰਦ ਭੋਜਨ ਕਰਨ ਦੇ ਬਾਵਜੂਦ ਉਨ੍ਹਾਂ ਦੀ ਸਿਹਤ ਠੀਕ ਕਿਉਂ ਨਹੀਂ ਰਹਿ ਰਹੀ ਅਤੇ ਬਿਮਾਰੀਆਂ ਉਨ੍ਹਾਂ ਦਾ ਪਿੱਛਾ ਕਿਉਂ ਨਹੀਂ ਛੱਡ ਰਹੀਆਂ।
ਨੇਚਰੋਪੈਥੀ ਅਨੁਸਾਰ, ਚੰਗੀ ਸਿਹਤ ਦੀ ਪ੍ਰਾਪਤੀ ਲਈ ਸਿਰਫ ਸਿਹਤਮੰਦ ਖਾਣਾ ਹੀ ਕਾਫੀ ਨਹੀਂ ਹੈ; ਬਲਕਿ ਓਨਾ ਹੀ ਲਾਜ਼ਮੀ ਹੈ ਕਿ ਅਸੀਂ ਉਹ ਖਾਣਾ ਸਹੀ ਢੰਗ ਨਾਲ ਖਾਈਏ। ਸਾਨੂੰ ਕੇਵਲ ਭੋਜਨ ਵਿਚ ਮੌਜੂਦ ਖਣਿਜ ਤੱਤਾਂ ਬਾਰੇ ਹੀ ਨਹੀਂ, ਬਲਕਿ ਇਹ ਵੀ ਪਤਾ ਹੋਣਾ ਚਾਹੀਦਾ ਹੈ ਕਿ ਭੋਜਨ ਕਿਸ ਮੇਲ ਵਿਚ ਕੀਤਾ ਜਾਵੇ। ਜੀਭ ਦੇ ਸੁਆਦ ਅਧੀਨ ਅਸੀਂ ਕਈ-ਕਈ ਭੋਜਨ ਪਦਾਰਥ ਖਾਣ ਲੱਗ ਪਏ ਹਾਂ ਜਿਹੜੇ ਇਕ-ਦੂਜੇ ਨਾਲ ਮਿਲ ਕੇ ਸਰੀਰ ਲਈ ਜ਼ਹਿਰ ਸਮਾਨ ਹੋ ਜਾਂਦੇ ਹਨ ਅਤੇ ਫਾਇਦਾ ਕਰਨ ਦੀ ਥਾਂ ਸਰੀਰ ਦਾ ਨੁਕਸਾਨ ਕਰ ਦਿੰਦੇ ਹਨ। ਦਸਮ ਗ੍ਰੰਥ ਅਨੁਸਾਰ — ਭਾਂਤ ਭਾਂਤ ਭੱਛਤ ਪਕਵਾਨਾ॥ ਉਪਜਤ ਰੋਗ ਦੇਹ ਤਿਨ ਨਾਨਾ॥ ਇਸ ਲਈ ਸਹੀ ਖਾਨ-ਪਾਨ ਅਤੇ ਕੁਦਰਤੀ ਜੀਵਨ ਸ਼ੈਲੀ ਅਪਣਾ ਕੇ ਅਸੀਂ ਪਾਚਨ ਅਤੇ ਨਿਕਾਸੀ ਦੀਆਂ ਕਿਰਿਆਵਾਂ ਵਿਚਕਾਰ ਸੰਤੁਲਨ ਪੈਦਾ ਕਰ ਸਕਦੇ ਹਾਂ ਅਤੇ ਨਿਰੋਗ ਜੀਵਨ ਦੀ ਪ੍ਰਾਪਤੀ ਕਰ ਸਕਦੇ ਹਾਂ।
ਮਨੁੱਖ ਦਾ ਸਰੀਰ ਇਕ ਸਮੇਂ ਵਿਚ ਇਕ ਕਿਸਮ ਦੇ ਭੋਜਨ ਨਾਲ ਹੀ ਸਹੀ ਢੰਗ ਦੀ ਕਿਰਿਆ ਕਰ ਸਕਦਾ ਹੈ ਅਤੇ ਉਸ ਨੂੰ ਪਚਾ ਸਕਦਾ ਹੈ। ਵੱਖ ਵੱਖ ਤਰ੍ਹਾਂ ਦੇ ਭੋਜਨ ਦੀ ਪਾਚਨ ਕਿਰਿਆ ਵੱਖਰੇ ਢੰਗ ਨਾਲ, ਵੱਖ ਤਰ੍ਹਾਂ ਦੇ ਪਾਚਕ ਰਸਾਂ ਨਾਲ ਹੁੰਦੀ ਹੈ। ਜਿਵੇਂ ਫਲਾਂ ਦੀ ਪਾਚਨ ਕਿਰਿਆ ਮੂੰਹ ਤੋਂ ਹੀ ਸ਼ੁਰੂ ਹੋ ਜਾਂਦੀ ਹੈ ਜਦਕਿ ਪ੍ਰੋਟੀਨ ਦੀ ਪਾਚਨ ਕਿਰਿਆ ਪੇਟ ਦੇ ਅੰਦਰ ਸ਼ੁਰੂ ਹੁੰਦੀ ਹੈ। ਕਾਰਬੋਹਾਈਡ੍ਰੇਟਸ ਦੀ ਪਾਚਨ ਕਿਰਿਆ ਖਾਰੇ (alkaline) ਮਾਧਿਅਮ ਵਿਚ ਹੁੰਦੀ ਹੈ ਜਦਕਿ ਪ੍ਰੋਟੀਨ ਦੀ ਅਮਲੀ (acidic) ਮਾਧਿਅਮ ਵਿਚ।
ਇਉਂ ਵੱਖ-ਵੱਖ ਤਰ੍ਹਾਂ ਦੇ ਭੋਜਨ ਦੇ ਪਚਣ ਲਈ ਲੱਗਣ ਵਾਲਾ ਸਮਾਂ ਵੀ ਵੱਖੋ-ਵੱਖਰਾ ਹੁੰਦਾ ਹੈ। ਤਰਬੂਜ਼ ਤਕਰੀਬਨ 20 ਮਿੰਟਾਂ ਵਿਚ ਪਚ ਜਾਂਦਾ ਹੈ, ਜੂਸ 15-20 ਮਿੰਟਾਂ ਵਿਚ, ਸੰਤਰਾ-ਅੰਗੂਰ-ਟਮਾਟਰ 30 ਮਿੰਟਾਂ ਵਿਚ, ਸੇਬ-ਨਾਸ਼ਪਤੀ 40 ਮਿੰਟਾਂ ਵਿਚ, ਸਲਾਦ 40 ਮਿੰਟਾਂ ਵਿਚ, ਆਂਡਾ 45 ਮਿੰਟ ਵਿਚ, ਕੇਲਾ ਇਕ ਘੰਟੇ ਵਿਚ, ਮੱਛੀ ਇਕ ਘੰਟੇ ਵਿਚ, ਆਲੂ 90 ਮਿੰਟਾਂ ਵਿਚ, ਦੁੱਧ-ਦਹੀਂ 2 ਘੰਟੇ ਵਿਚ, ਚਿਕਨ 4 ਘੰਟਿਆਂ ਵਿਚ, ਸੂਅਰ ਆਦਿ ਦਾ ਮੀਟ 8 ਘੰਟਿਆਂ ਵਿਚ, ਫਾਸਟ ਫੂਡ (ਪੀਜ਼ਾ-ਬਰਗਰ) 12 ਘੰਟਿਆਂ ਵਿਚ। ਇਸੇ ਲਈ ਜੇ ਅਸੀਂ ਚਾਹੁੰਦੇ ਹਾਂ ਕਿ ਖਾਧਾ ਭੋਜਨ ਚੰਗੀ ਤਰ੍ਹਾਂ ਪਚ ਜਾਵੇ ਅਤੇ ਸਾਡੇ ਸਰੀਰ ਨੂੰ ਪੂਰਾ ਲਾਭ ਦੇਵੇ ਤਾਂ ਸਾਨੂੰ ਇਕ ਸਮੇਂ ਇਕ ਹੀ ਤਰ੍ਹਾਂ ਦਾ ਅਤੇ ਸਾਦਾ ਭੋਜਨ ਖਾਣਾ ਚਾਹੀਦਾ ਹੈ।
ਉਂਝ, ਅਜੋਕੇ ਸਮੇਂ ਵਿਚ ਇਕ ਸਮੇਂ ਤੇ ਇਕੋ ਤਰ੍ਹਾਂ ਦਾ ਭੋਜਨ ਕਰਨਾ ਸੰਭਵ ਨਹੀਂ ਪ੍ਰਤੀਤ ਹੁੰਦਾ। ਇਸ ਲਈ ਸਾਨੂੰ ਚਾਹੀਦਾ ਹੈ ਕਿ ਅਸੀਂ ਅਜਿਹੇ ਭੋਜਨ ਮਿਲਾਈਏ ਜਿਹੜੇ ਇਕ-ਦੂਜੇ ਨਾਲ ਮਿਲ ਕੇ ਸਾਡੇ ਸਰੀਰ ਵਿਚ ਸਕਾਰਾਤਮਕ ਕਿਰਿਆ ਕਰਨ ਅਤੇ ਸਾਡੀ ਸੰਪੂਰਨ ਸਿਹਤ ‘ਤੇ ਚੰਗਾ ਪ੍ਰਭਾਵ ਪਾਉਣ। ਨੇਚਰੋਪੈਥੀ ਅਨੁਸਾਰ, ਭੋਜਨ ਦਾ ਗਲਤ ਮੇਲ ਹੀ ਖਰਾਬ ਹਾਜਮੇ ਦੀ ਸਮੱਸਿਆ ਦਾ ਵੱਡਾ ਕਾਰਨ ਹੈ। ਇਸ ਸਿਧਾਂਤ ਅਨੁਸਾਰ ਜਦੋਂ ਅਸੀਂ ਅਣ-ਉਚਿਤ ਮੇਲ ਵਾਲੇ ਭੋਜਨ ਪਦਾਰਥ ਖਾਂਦੇ ਹਾਂ ਤਾਂ ਅਜਿਹਾ ਭੋਜਨ ਸਰੀਰ ਅੰਦਰ ਪਹੁੰਚ ਕੇ ਠੀਕ ਤਰ੍ਹਾਂ ਹਜ਼ਮ ਨਹੀਂ ਹੁੰਦਾ ਅਤੇ ਕਾਫੀ ਦੇਰ ਤਕ ਪੇਟ ਦੇ ਅੰਦਰ ਪਿਆ ਪਿਆ ਸੜਨ ਲਗ ਜਾਂਦਾ ਹੈ ਅਤੇ ਜ਼ਹਿਰੀਲਾ ਹੋ ਜਾਂਦਾ ਹੈ ਅਤੇ ਕਈ ਤਰ੍ਹਾਂ ਦੀਆਂ ਬਿਮਾਰੀਆਂ ਨੂੰ ਸੱਦਾ ਦਿੰਦਾ ਹੈ। ਪ੍ਰੋਟੀਨ ਅਤੇ ਸਟਾਰਚ ਦਾ ਮੇਲ ਅਜਿਹੀ ਹੀ ਉਦਾਹਰਣ ਹੈ। ਜਦੋਂ ਅਸੀਂ ਪ੍ਰੋਟੀਨ ਅਤੇ ਸਟਾਰਚ, ਜਿਵੇਂ ਦਾਲ-ਚੌਲ, ਰਾਜਮਾਂਹ-ਚੌਲ, ਛੋਲੇ-ਚੌਲ ਇਕੱਠੇ ਖਾਂਦੇ ਹਾਂ ਤਾਂ ਸਟਾਰਚ ਓਨੀ ਦੇਰ ਤੱਕ ਪੇਟ ਵਿਚ ਪਿਆ ਰਹੇਗਾ ਜਿੰਨੀ ਦੇਰ ਤੱਕ ਪ੍ਰੋਟੀਨ ਦੀ ਪਾਚਨ ਕਿਰਿਆ ਪੂਰੀ ਨਹੀਂ ਹੋ ਜਾਂਦੀ। ਇਸੇ ਤਰ੍ਹਾਂ ਕੜ੍ਹੀ-ਚੌਲ, ਆਲੂ-ਫਲੀਆਂ, ਦਹੀਂ-ਚੌਲ, ਦੁੱਧ-ਕੇਲਾ (ਬਨਾਨਾ ਸ਼ੇਕ) ਆਦਿ ਦਾ ਮੇਲ ਵੀ ਨੇਚਰੋਪੈਥੀ ਦੇ ਹਿਸਾਬ ਨਾਲ ਸਹੀ ਨਹੀਂ। ਇਸ ਦੇ ਉਲਟ ਦੁੱਧ ਅਤੇ ਸਿਟਰਿਕ ਫਲ ਦਾ ਮੇਲ ਸਹੀ ਹੈ। ਜਿਨ੍ਹਾਂ ਲੋਕਾਂ ਨੂੰ ਦੁੱਧ ਨਾ ਪਚਦਾ ਹੋਵੇ, ਉਨ੍ਹਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਦੁੱਧ ਪੀਣ ਤੋਂ ਪਹਿਲਾਂ ਕੋਈ ਵੀ ਸਿਟਰਿਕ ਫਲ ਖਾ ਲੈਣ। ਇਨ੍ਹਾਂ ਨਿਯਮਾਂ ਦੀ ਪਾਲਣਾ ਕਰਕੇ ਵੀ ਅਸੀਂ ਆਪਣੇ ਪਾਚਨ-ਤੰਤਰ ਅਤੇ ਸੰਪੂਰਨ ਸਿਹਤ ਨੂੰ ਚੰਗਾ ਰੱਖ ਸਕਦੇ ਹਾਂ:
- ਇਕ ਸਮੇਂ ’ਤੇ ਕੇਵਲ ਇਕ ਹੀ ਫਲ ਖਾਓ। ਜੇ ਕਈ ਫਲ ਇਕੱਠੇ ਵੀ ਖਾਣੇ ਪੈਣ ਤਾਂ ਫਿਰ ਇਕੋ ਤਰ੍ਹਾਂ ਦੇ ਫਲ ਇਕੱਠੇ ਖਾਓ। ਜਿਵੇਂ ਸਿਟਰਿਕ ਫਲ — ਸੰਤਰਾ, ਮੌਸੰਮੀ, ਕਿਨੂੰ, ਅਨਾਨਾਸ, ਅਨਾਰ ਆਦਿ ਇਕੱਠੇ ਖਾਧੇ ਜਾ ਸਕਦੇ ਹਨ ਅਤੇ ਮਿੱਠੇ ਫਲ ਜਿਵੇਂ ਅੰਬ, ਕੇਲਾ, ਅੰਜੀਰ, ਚੀਕੂ ਆਦਿ ਇਕੱਠੇ।
- ਫਲ ਹਮੇਸ਼ਾ ਖਾਲੀ ਪੇਟ ਖਾਓ ਜਾਂ ਫਿਰ ਖਾਣਾ ਖਾਣ ਤੋਂ ਘੰਟਾ ਪਹਿਲਾਂ ਜਾਂ ਦੋ ਘੰਟੇ ਬਾਅਦ।
- ਤਰਬੂਜ਼-ਖਰਬੂਜੇ ਹਮੇਸ਼ਾ ਵੱਖਰੇ ਹੀ ਖਾਓ ਅਤੇ ਕਿਸੇ ਵੀ ਦੂਜੇ ਫਲ ਨਾਲ ਨਾ ਖਾਓ।
- ਫਲ ਅਤੇ ਸਬਜ਼ੀਆਂ ਕਦੇ ਵੀ ਇਕੱਠੇ ਨਾ ਖਾਓ।
- ਦੁੱਧ ਅਤੇ ਦਹੀਂ ਹਮੇਸ਼ਾ ਵੱਖਰੇ ਖਾਓ ਅਤੇ ਦੂਜੇ ਕਿਸੇ ਵੀ ਭੋਜਨ ਨਾਲ ਖਾਣ ਤੋਂ ਬਚੋ।
- ਪ੍ਰੋਟੀਨ ਅਤੇ ਸਟਾਰਚ ਵਾਲੇ ਭੋਜਨ ਇਕੱਠੇ ਨਾ ਖਾਓ। ਜੇ ਖਾਣੇ ਪੈ ਜਾਣ ਤਾਂ ਪਹਿਲਾਂ ਪ੍ਰੋਟੀਨ ਖਾਓ, ਫਿਰ ਅੱਧਾ ਕੁ ਘੰਟਾ ਰੁਕ ਕੇ ਸਟਾਰਚ ਖਾਓ; ਜਾਂ ਫਿਰ ਪ੍ਰੋਟੀਨ ਬਹੁਤ ਜ਼ਿਆਦਾ, ਸਟਾਰਚ ਬਿਲਕੁਲ ਘੱਟ ਜਾਂ ਇਸ ਦੇ ਉਲਟ।
- ਪ੍ਰੋਟੀਨ ਵਾਲੇ ਭੋਜਨ, ਹਰੀਆਂ ਸਟਾਰਚ ਤੋਂ ਬਗੈਰ ਸਬਜ਼ੀਆਂ ਨਾਲ ਖਾਧੇ ਜਾ ਸਕਦੇ ਹਨ।
- ਚਿਕਨਾਈ ਵਾਲੇ ਭੋਜਨ ਨੂੰ ਪ੍ਰੋਟੀਨ ਵਾਲੇ ਭੋਜਨ ਜਾਂ ਸਟਾਰਚ ਵਾਲੇ ਭੋਜਨ ਨਾਲ ਖਾਧਾ ਜਾ ਸਕਦਾ ਹੈ।
ਭੋਜਨ ਦਾ ਸਹੀ ਮੇਲ ਬੇਹੱਦ ਅਹਿਮ (Punjabi Tribune - 16.11.2018)