Friday, February 8, 2019

ਰਿਤੂਚਰਿਆ: ਰੁੱਤਾਂ ਅਨੁਸਾਰ ਆਹਾਰ ਤੇ ਵਿਹਾਰ (Ritucharya —Seasonal Routine or Lifestyle and Diet According to Seasons)

ਨੇਚਰੋਪੈਥੀ ਜਾਂ ਕੁਦਰਤੀ ਇਲਾਜ ਪ੍ਰਣਾਲੀ ਇਲਾਜ ਦੀ ਅਜਿਹੀ ਪ੍ਰਣਾਲੀ ਹੈ ਜਿਸ ਵਿਚ ਕੁਦਰਤ ਦੇ ਪੰਜ ਤੱਤਾਂ ਆਕਾਸ਼ (Ether), ਵਾਯੂ (Air), ਅਗਨੀ (Fire), ਜਲ (Water) ਅਤੇ ਪ੍ਰਿਥਵੀ (Earth), ਦੀ ਵਰਤੋਂ ਕਰਕੇ ਬਿਨਾ ਦਵਾਈਆਂ ਦੇ ਹੀ ਸਿਹਤਮੰਦ ਅਤੇ ਆਨੰਦਮਈ ਜੀਵਨ ਬਤੀਤ ਕੀਤਾ ਜਾ ਸਕਦਾ ਹੈ। ਅਜੋਕੇ ਰੂਪ ਵਿਚ ਭਾਵੇਂ ਨੇਚਰੋਪੈਥੀ ਦਾ ਭਾਰਤ ਵਿਚ ਆਗਮਨ 1894 ਵਿਚ ਲੂਈਸ ਕੂਹਨੇ ਦੀ ਜਰਮਨ ਭਾਸ਼ਾ ਵਿਚ ਲਿਖੀ ਪੁਸਤਕ ਉਪਚਾਰ ਦਾ ਨਵਾਂ ਵਿਗਿਆਨਦੇ ਤੈਲਗੂ ਅਨੁਵਾਦ ਨਾਲ ਹੋਇਆ ਪਰ ਅਸਲ ਵਿਚ ਇਹ ਪ੍ਰਣਾਲੀ ਪ੍ਰਾਚੀਨ ਕਾਲ ਤੋਂ ਹੀ ਆਯੁਰਵੇਦ ਦੇ ਰੂਪ ਵਿਚ ਭਾਰਤ ਵਿਚ ਮੌਜੂਦ ਸੀ। ਰੋਗੀ ਹੋ ਜਾਣ ਦੀ ਸੂਰਤ ਵਿਚ ਮਨੁੱਖ ਖਾਣ-ਪੀਣ, ਭੋਜਨ ਤੇ ਕੰਟਰੋਲ, ਵੱਖ ਵੱਖ ਤਰ੍ਹਾਂ ਦੇ ਇਸ਼ਨਾਨ, ਮਾਲਿਸ਼ਾਂ, ਆਸਣਾਂ ਆਦਿ ਦੀ ਮਦਦ ਨਾਲ ਹੀ ਤੰਦਰੁਸਤ ਹੋ ਜਾਂਦੇ ਸਨ। ਲੇਕਿਨ ਹੌਲੀ ਹੌਲੀ ਆਯੁਰਵੇਦ ਵਿਚ ਰਸਾਂ, ਭਸਮਾਂ, ਧਾਤੂਆਂ ਅਤੇ ਹੋਰ ਜ਼ਹਿਰੀਲੇ ਤੱਤਾਂ ਦੇ ਆ ਜਾਣ ਨਾਲ ਇਹ ਸ਼ੁੱਧ ਆਯੁਰਵੇਦ ਨਾਲੋਂ ਦੂਰ ਹੋਣ ਲੱਗ ਗਿਆ ਅਤੇ ਇਸ ਨੇ ਅਜੋਕੇ ਆਯੁਰਵੇਦ ਦਾ ਰੂਪ ਲੈ ਲਿਆ। ਇਸ ਲਈ ਨੇਚਰੋਪੈਥੀ ਨੂੰ ਸ਼ੁੱਧ ਆਯੁਰਵੇਦ (Pure Ayurveda) ਵੀ ਕਿਹਾ ਜਾਂਦਾ ਹੈ।
ਜਿਸ ਤਰ੍ਹਾਂ ਇਸ ਬ੍ਰਹਿਮੰਡ ਦੀ ਰਚਨਾ ਪੰਜਾਂ ਤੱਤਾਂ ਤੋਂ ਹੋਈ ਹੈ, ਉਸੇ ਤਰ੍ਹਾਂ ਸਾਡਾ ਸਰੀਰ ਵੀ ਇਨ੍ਹਾਂ ਪੰਜਾਂ ਤੱਤਾਂ ਦੇ ਮੇਲ ਨਾਲ ਹੀ ਬਣਿਆ ਹੈ। ਇਨ੍ਹਾਂ ਤੱਤਾਂ ਵਿਚਕਾਰ ਸੰਤੁਲਨ ਹੀ ਤੰਦਰੁਸਤੀ ਦਿੰਦਾ ਹੈ ਪਰ ਇਹ ਸੰਤੁਲਨ ਉਦੋਂ ਹੀ ਕਾਇਮ ਰਹਿੰਦਾ ਹੈ ਜਦੋਂ ਅਸੀਂ ਆਪਣੇ ਖਾਣ-ਪੀਣ ਤੇ ਕੰਟਰੋਲ ਰੱਖਦੇ ਹਾਂ ਅਤੇ ਆਪਣੀ ਜੀਵਨ-ਸ਼ੈਲੀ ਅਤੇ ਆਦਤਾਂ ਸਹੀ ਰੱਖਦੇ ਹਾਂ। ਇਨ੍ਹਾਂ ਤੱਤਾਂ ਵਿਚ ਅਸੰਤੁਲਨ ਸਰੀਰ ਵਿਚ ਵਾਤ-ਪਿੱਤ-ਕਫ਼ ਦੋਸ਼ਾਂ ਵਿਚ ਅਸੰਤੁਲਨ ਪੈਦਾ ਕਰਦਾ ਹੈ ਅਤੇ ਸਰੀਰ ਨੂੰ ਰੋਗੀ ਬਣਾਉਂਦਾ ਹੈ। ਆਮ ਤੌਰ ਤੇ ਅਸੀਂ ਸਾਰਾ ਸਾਲ ਇਕ ਹੀ ਤਰ੍ਹਾਂ ਦਾ ਭੋਜਨ ਖਾਂਦੇ ਹਾਂ। ਕੱਪੜੇ ਤਾਂ ਮੌਸਮ ਅਨੁਸਾਰ ਬਦਲ ਲੈਂਦੇ ਹਾਂ ਪਰ ਖਾਣ-ਪੀਣ ਦਾ ਧਿਆਨ ਨਹੀਂ ਰੱਖਦੇ। ਸਰਦੀ ਵਿਚ ਆਈਸ-ਕਰੀਮ ਖਾਂਦੇ ਹਾਂ, ਕੋਲਡ ਡ੍ਰਿੰਕ ਪੀਂਦੇ ਹਾਂ; ਗਰਮੀ ਵਿਚ ਮੂੰਗਫਲੀ, ਪਪੀਤਾ, ਮਸਾਲੇਦਾਰ ਭੋਜਨ, ਮਾਸ ਆਦਿ; ਬਰਸਾਤ ਦੀ ਰੁੱਤ ਵਿਚ ਜ਼ਿਆਦਾ ਤਰਲ ਪਦਾਰਥ, ਸਲਾਦ ਆਦਿ ਖਾਂਦੇ ਹਾਂ। ਆਪਣੇ ਆਹਾਰ ਅਤੇ ਵਿਹਾਰ ਵਿਚ ਬਦਲਦੇ ਮੌਸਮ ਜਾਂ ਰੁੱਤਾਂ ਅਨੁਸਾਰ ਤਬਦੀਲੀ ਲੈ ਕੇ ਆਉਣ ਨੂੰ ਹੀ ਰਿਤੂਚਰਿਆਕਹਿੰਦੇ ਹਨ। ਭਾਰਤੀ ਉਪਮਹਾਂਦੀਪ ਦੇ ਵਾਤਾਵਰਣ ਦੀ ਸਥਿਤੀ ਨੂੰ ਧਿਆਨ ਵਿਚ ਰੱਖਦੇ ਹੋਏ ਆਯੁਰਵੇਦ ਵਿਚ ਸਾਲ ਨੂੰ ਦੋ ਦੋ ਮਹੀਨੇ ਦੀਆਂ ਛੇ ਰੁੱਤਾਂ ਵਸੰਤ, ਗ੍ਰੀਸ਼ਮ (ਗਰਮੀ), ਵਰਸ਼ਾ (ਬਰਸਾਤ), ਸ਼ਰਦ (ਪਤਝੜ), ਹੇਮੰਤ (ਸਰਦੀ ਤੋਂ ਪਹਿਲਾਂ) ਅਤੇ ਸ਼ਿਸ਼ਿਰ (ਸਰਦੀ) ਵਿਚ ਵੰਡਿਆ ਗਿਆ ਹੈ ਅਤੇ ਉਸੇ ਅਨੁਸਾਰ ਆਹਾਰ ਤੇ ਵਿਹਾਰ ਦੇ ਕੁਝ ਨਿਯਮ ਬਣਾਏ ਗਏ ਹਨ। ਇਨ੍ਹਾਂ ਛੇ ਰੁੱਤਾਂ ਦੌਰਾਨ ਹੇਠ ਲਿਖੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ:

ਵਸੰਤ ਰੁੱਤ (Spring Season)
ਦੇਸੀ ਮਹੀਨਿਆਂ ਅਨੁਸਾਰ ਚੇਤ-ਵਿਸਾਖ (ਮੱਧ ਮਾਰਚ ਤੋਂ ਮੱਧ ਮਈ) ਦਾ ਸਮਾਂ ਵਸੰਤ (ਬਸੰਤ) ਰੁੱਤ ਅਧੀਨ ਆਉਂਦਾ ਹੈ। ਇਹ ਫੁੱਲ ਖਿੜਨ ਅਤੇ ਨਵੇਂ ਪੱਤਿਆਂ ਦੇ ਆਗਮਨ ਦੀ ਰੁੱਤ ਹੈ। ਰੁਤਿ ਸਰਸ ਬਸੰਤ ਮਾਹ ਚੇਤੁ ਵੈਸਾਖ ਸੁਖ ਮਾਸੁ ਜੀਉ। ਬਸੰਤ ਨੂੰ ਰੁੱਤਾਂ ਦਾ ਰਾਜਾ ਵੀ ਕਿਹਾ ਜਾਂਦਾ ਹੈ। ਅਸਲ ਵਿਚ ਇਹ ਰੁੱਤ ਸਰਦੀ ਅਤੇ ਗਰਮੀ ਦੇ ਵਿਚਕਾਰ ਸੰਧੀਕਾਲ ਹੈ। ਸੰਧੀ ਹੋਣ ਕਰਕੇ ਥੋੜ੍ਹਾ ਥੋੜ੍ਹਾ ਅਸਰ ਇਨ੍ਹਾਂ ਦੋਹਾਂ ਰੁੱਤਾਂ ਦਾ ਹੁੰਦਾ ਹੈ। ਕੁਦਰਤ ਨੇ ਇਹ ਪ੍ਰਬੰਧ ਇਸ ਲਈ ਕੀਤਾ ਹੈ ਤਾਂ ਕਿ ਮਨੁੱਖ ਨੂੰ ਸਰਦੀ ਦੀ ਰੁੱਤ ਚੋਂ ਗਰਮੀ ਦੀ ਰੁੱਤ ਵਿਚ ਜਾਣ ਵਿਚ ਕੋਈ ਦਿੱਕਤ ਨਾ ਆਏ। ਇਸ ਕਰ ਕੇ ਇਸ ਰੁੱਤ ਨੂੰ ਸੰਤੁਲਨ ਬਣਾਉਣ ਦੀ ਰੁੱਤ ਵੀ ਕਿਹਾ ਜਾਂਦਾ ਹੈ। ਇਸ ਰੁੱਤ ਵਿਚ ਅਗਨੀ, ਅਰਥਾਤ ਪਾਚਣ ਸ਼ਕਤੀ ਦਰਮਿਆਨੇ ਪੱਧਰ ਦੀ ਹੁੰਦੀ ਹੈ। ਇਸ ਲਈ ਅਜਿਹਾ ਭੋਜਨ ਖਾਓ ਜਿਹੜਾ ਆਸਾਨੀ ਨਾਲ ਪਚ ਜਾਵੇ। ਇਸ ਰੁੱਤ ਚ ਕਣਕ, ਚੌਲ, ਪੁਰਾਣਾ ਬਾਜਰਾ ਖਾਣੇ ਚਾਹੀਦੇ ਹਨ। ਕੌੜੇ (Bitter) , ਤਿੱਖੇ (Pungent) ਅਤੇ ਕੁਸੈਲੇ (Astringent) ਸੁਆਦ ਵਾਲਾ ਭੋਜਨ ਖਾਣਾ ਚਾਹੀਦਾ ਹੈ, ਜਦਕਿ ਖੱਟੇ (Sour) ਤੇ ਮਿੱਠੇ (Sweet) ਸੁਆਦ ਵਾਲੇ ਭੋਜਨ ਤੋਂ ਬਚਣਾ ਚਾਹੀਦਾ ਹੈ। ਖ਼ੁਰਾਕ ਵਿਚ ਸ਼ਹਿਦ ਸ਼ਾਮਿਲ ਕੀਤਾ ਜਾ ਸਕਦਾ ਹੈ। ਕਸਰਤ ਇਸ ਰੁੱਤ ਵਿਚ ਬਹੁਤ ਹੀ ਲਾਜ਼ਮੀ ਹੈ। ਠੰਢੇ ਅਤੇ ਭਾਰੇ ਭੋਜਨ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਇਸ ਰੁੱਤ ਵਿਚ ਦਿਨ ਵਿਚ ਸੌਣ ਦੀ ਵੀ ਸਲਾਹ ਨਹੀਂ ਦਿੱਤੀ ਜਾਂਦੀ। ਵਰਤ ਲਈ ਇਹ ਸਭ ਤੋਂ ਉੱਤਮ ਰੁੱਤ ਹੈ। ਸਰੀਰ ਚੋਂ ਜ਼ਹਿਰੀਲੇ ਪਦਾਰਥ ਬਾਹਰ ਕੱਢਣ ਅਤੇ ਸ਼ੁੱਧੀਕਰਨ ਲਈ ਸਭ ਤੋਂ ਢੁੱਕਵਾਂ ਸਮਾਂ ਹੈ। ਇਸ ਰੁੱਤ ਵਿਚ ਨਿੰਮ ਦੀਆਂ ਕਰੂੰਬਲਾਂ ਫੁੱਟਦੀਆਂ ਹਨ। ਕੁਝ ਦਿਨ 10-15 ਕਰੂੰਬਲਾਂ ਕਾਲੀ ਮਿਰਚ ਦੇ 1-2 ਦਾਣਿਆਂ ਨਾਲ ਚਬਾ ਕੇ ਖਾਣ ਨਾਲ ਸਾਲ ਭਰ ਚਮੜੀ ਰੋਗਾਂ ਤੋਂ ਛੁਟਕਾਰਾ ਮਿਲਦਾ ਹੈ, ਲਹੂ ਸਾਫ ਰਹਿੰਦਾ ਹੈ ਅਤੇ ਸਰੀਰ ਦੀ ਰੋਗ-ਪ੍ਰਤੀਰੋਧਕ ਸ਼ਕਤੀ ਵਿਚ ਵਾਧਾ ਹੁੰਦਾ ਹੈ।

ਗ੍ਰੀਸ਼ਮ ਰੁੱਤ (Summer Season)
ਦੇਸੀ ਮਹੀਨਿਆਂ ਅਨੁਸਾਰ ਜੇਠ-ਹਾੜ੍ਹ (ਮੱਧ ਮਈ ਤੋਂ ਮੱਧ ਜੁਲਾਈ) ਦਾ ਸਮਾਂ ਗ੍ਰੀਸ਼ਮ (ਗਰਮੀ) ਰੁੱਤ ਅਧੀਨ ਆਉਂਦਾ ਹੈ। ਇਸ ਰੁੱਤ ਦੌਰਾਨ ਚਾਰੇ ਪਾਸੇ ਲੂ ਚੱਲਦੀ ਹੈ। ਗ੍ਰੀਖਮ ਰੁਤਿ ਅਤਿ ਗਾਖੜੀ ਜੇਠ ਅਖਾੜੈ ਘਾਮ ਜੀਉ। ਨਮਕੀਨ (Salty), ਤਿੱਖੇ (Pungent)  ਅਤੇ ਖੱਟੇ (Sour) ਸੁਆਦ ਵਾਲੇ ਭੋਜਨ ਤੋਂ ਬਚਣਾ ਚਾਹੀਦਾ ਹੈ। ਇਸ ਰੁੱਤ ਵਿਚ ਪਾਚਣ ਸ਼ਕਤੀ ਮੱਧਮ ਹੁੰਦੀ ਹੈ। ਇਸ ਲਈ ਭਾਰੇ, ਤਲੇ ਹੋਏ, ਜ਼ਿਆਦਾ ਮਿਰਚ-ਮਸਾਲਿਆਂ ਵਾਲੇ ਭੋਜਨ ਤੋਂ ਪ੍ਰਹੇਜ਼ ਕਰਨਾ ਚਾਹੀਦਾ ਹੈ। ਚੌਲ, ਜੌਂ, ਮੂੰਗੀ, ਮਸਰੀ, ਹਲਕੇ, ਤਾਜ਼ੇ, ਮਿੱਠੇ ਤੇ ਠੰਢੇ, ਪਾਣੀ ਨਾਲ ਭਰਪੂਰ ਸ਼ੀਤਲ ਭੋਜਨ ਪਦਾਰਥ ਜਿਵੇਂ ਖ਼ਰਬੂਜਾ, ਤਰਬੂਜ਼, ਨਾਰੀਅਲ ਆਦਿ ਖਾਣੇ ਚਾਹੀਦੇ ਹਨ। ਇਸ ਰੁੱਤ ਵਿਚ ਠੰਢਾ ਪਾਣੀ, ਲੱਸੀ, ਫਲਾਂ ਦੇ ਰਸ, ਸ਼ਰਬਤ, ਸ਼ਕੰਜਵੀ ਆਦਿ ਦੀ ਵੱਧ ਤੋਂ ਵੱਧ ਵਰਤੋਂ ਕਰਨੀ ਚਾਹੀਦੀ ਹੈ। ਫਰਿੱਜ ਦਾ ਪਾਣੀ ਬਿਲਕੁਲ ਨਹੀਂ ਪੀਣਾ ਚਾਹੀਦਾ, ਇਸ ਦੀ ਥਾਂ ਘੜੇ ਦਾ ਪਾਣੀ ਵਰਤਣਾ ਚਾਹੀਦਾ ਹੈ। ਇਸ ਰੁੱਤ ਦੌਰਾਨ ਭਾਰੀ ਕਸਰਤ, ਵਰਤ ਅਤੇ ਧੁੱਪ ਵਿਚ ਜਾਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ ਅਤੇ ਵੱਧ ਤੋਂ ਵੱਧ ਜਤ-ਸਤ ਰਹਿਣਾ ਚਾਹੀਦਾ ਹੈ।

ਵਰਸ਼ਾ ਰੁੱਤ (Rainy Season)
ਸਾਉਣ-ਭਾਦੋਂ (ਮੱਧ ਜੁਲਾਈ ਤੋਂ ਮੱਧ ਸਤੰਬਰ) ਦਾ ਸਮਾਂ ਵਰਸ਼ਾ (ਬਰਸਾਤ) ਰੁੱਤ ਦੇ ਅਧੀਨ ਆਉਂਦਾ ਹੈ। ਰੁਤਿ ਬਰਸੁ ਸੁਹੇਲੀਆ ਸਾਵਣ ਭਾਦਵੇ ਆਨੰਦ ਜੀਉ। ਇਸ ਮੌਸਮ ਵਿਚ ਨਮਕੀਨ (Salty), ਖੱਟੇ (Sour) ਅਤੇ ਮਿੱਠੇ (Sweet) ਸੁਆਦ ਵਾਲੇ ਭੋਜਨ ਕਰਨੇ ਚਾਹੀਦੇ ਹਨ। ਗਰਮੀ ਦੀ ਰੁੱਤ ਵਿਚ ਮੱਧਮ ਹੋਈ ਪਾਚਣ ਸ਼ਕਤੀ ਬਰਸਾਤ ਦੀ ਰੁੱਤ ਵਿਚ ਹੋਰ ਵੀ ਮੱਧਮ ਹੋ ਜਾਂਦੀ ਹੈ। ਇਨ੍ਹਾਂ ਦਿਨਾਂ ਵਿਚ ਚੌਲ, ਕਣਕ, ਦਾਲਾਂ ਦਾ ਸੂਪ, ਸ਼ਹਿਦ ਪਾ ਕੇ ਪਾਣੀ, ਅਦਰਕ, ਲਸਣ, ਜੀਰਾ, ਮੇਥੀ ਆਦਿ ਦੀ ਵਰਤੋਂ ਕਰਨੀ ਚਾਹੀਦੀ ਹੈ। ਦਹੀਂ, ਲੱਸੀ, ਠੰਢਾ ਪਾਣੀ, ਬੇਹਾ ਭੋਜਨ, ਅਰਬੀ, ਭਿੰਡੀ, ਸਲਾਦ ਆਦਿ ਦੀ ਵਰਤੋਂ ਨਹੀਂ ਕਰਨੀ ਚਾਹੀਦੀ। ਤੇਲ ਦੀ ਮਾਲਿਸ਼ ਕਰਨੀ ਚਾਹੀਦੀ ਹੈ। ਪਾਣੀ ਉਬਾਲ ਕੇ ਪੀਣਾ ਚਾਹੀਦਾ ਹੈ। ਹਰੜ ਦਾ ਚੂਰਨ ਸੇਂਧਾ ਨਮਕ ਮਿਲਾ ਕੇ ਵਰਤਣਾ ਚਾਹੀਦਾ ਹੈ। ਬਰਸਾਤ ਦੇ ਪਾਣੀ ਵਿਚ ਭਿਜਣਾ, ਭਾਰੀ ਕਸਰਤ ਤੋਂ ਬਚਣਾ ਚਾਹੀਦਾ ਹੈ ਅਤੇ ਵੱਧ ਤੋਂ ਵੱਧ ਜਤ-ਸਤ ਰਹਿਣਾ ਚਾਹੀਦਾ ਹੈ।

ਸ਼ਰਦ ਰੁੱਤ (Autumn Season)
ਅੱਸੂ-ਕੱਤਕ (ਮੱਧ ਸਤੰਬਰ ਤੋਂ ਮੱਧ ਨਵੰਬਰ) ਦਾ ਸਮਾਂ ਸ਼ਰਦ (ਪਤਝੜ) ਰੁੱਤ ਦੇ ਅਧੀਨ ਆਉਂਦਾ ਹੈ। ਇਸ ਰੁੱਤ ਵਿਚ ਦਿਨ ਅਤੇ ਰਾਤ ਦਾ ਤਾਪਮਾਨ ਆਮ ਤੌਰ ਤੇ ਇਕੋ ਜਿਹਾ ਹੁੰਦਾ ਹੈ। ਮੌਸਮ ਹਲਕਾ ਠੰਢਾ ਅਤੇ ਸੁਹਾਵਣਾ ਹੋ ਜਾਂਦਾ ਹੈ। ਆਲਸ ਦੀ ਥਾਂ ਸਰੀਰ ਵਿਚ ਚੁਸਤੀ ਅਤੇ ਉਤਸ਼ਾਹ ਹੁੰਦਾ ਹੈ। ਫਲਾਂ ਅਤੇ ਸਬਜ਼ੀਆਂ ਦੀ ਬਹਾਰ ਆ ਜਾਂਦੀ ਹੈ। ਵੱਖ ਵੱਖ ਤਰ੍ਹਾਂ ਦੇ ਪਦਾਰਥ ਖਾਣ ਨੂੰ ਦਿਲ ਕਰਦਾ ਹੈ। ਚਿਹਰੇ ਤੇ ਖੁਸ਼ੀ ਤੇ ਜੀਵਨ ਵਿਚ ਪ੍ਰਸੰਨਤਾ ਆ ਜਾਂਦੀ ਹੈ। ਰੁਤਿ ਸਰਦੁ ਅਡੰਬਰੋ ਅਸੂ ਕਤਕੇ ਹਰਿ ਪਿਆਸ ਜੀਉ। ਮਿੱਠੇ (Sweet), ਕੌਡ਼ੇ (Bitter) ਅਤੇ ਕੁਸੈਲੇ (Astringent) ਸੁਆਦ ਵਾਲੇ ਭੋਜਨ ਕਰਨੇ ਚਾਹੀਦੇ ਹਨ। ਇਸ ਰੁੱਤ ਵਿਚ ਪਾਚਣ ਸ਼ਕਤੀ ਵਧਣੀ ਸ਼ੁਰੂ ਹੋ ਜਾਂਦੀ ਹੈ। ਘਿਉ, ਦੁੱਧ, ਮੁਨੱਕਾ, ਅਉਲਾ, ਕਰੇਲਾ, ਅੰਗੂਰ, ਕਣਕ, ਜੌਂ, ਜਵਾਰ ਆਦਿ ਲਏ ਜਾ ਸਕਦੇ ਹਨ। ਦਹੀਂ, ਲੱਸੀ, ਬਾਜਰਾ, ਮੱਕੀ, ਮਾਂਹ, ਕੁਲਥ, ਲਸਣ, ਪਿਆਜ, ਮੇਥੀ, ਬੈਂਗਣ ਆਦਿ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਕਸਰਤ, ਤੇਲ ਦੀ ਮਾਲਿਸ਼, ਸਵੇਰ ਦੀ ਸੈਰ ਜ਼ਰੂਰ ਕਰੋ ਅਤੇ ਰਾਤ ਨੂੰ ਚੰਦਰਮਾ ਦੀਆਂ ਕਿਰਨਾਂ ਦਾ ਸੇਵਨ ਕਰੋ। ਦਿਨ ਵਿਚ ਸੌਣ ਤੋਂ ਪਰਹੇਜ਼ ਕਰੋ।

ਹੇਮੰਤ ਅਤੇ ਸ਼ਿਸ਼ਿਰ ਰੁੱਤਾਂ (Pre-Winter and Winter Seasons)
ਮੱਘਰ-ਪੋਹ (ਮੱਧ ਨਵੰਬਰ ਤੋਂ ਮੱਧ ਜਨਵਰੀ) ਅਤੇ ਮਾਘ-ਫੱਗਣ (ਮੱਧ ਜਨਵਰੀ ਤੋਂ ਮੱਧ ਮਾਰਚ) ਦਾ ਸਮਾਂ ਸੀਤਕਾਲ (ਹੇਮੰਤ ਤੇ ਸ਼ਿਸ਼ਿਰ ਰੁੱਤਾਂ) ਅਧੀਨ ਆਉਂਦਾ ਹੈ। ਇਨ੍ਹਾਂ ਰੁੱਤਾਂ ਵਿਚ ਵਾਤਾਵਰਣ ਠੰਢਾ ਹੁੰਦਾ ਹੈ ਅਤੇ ਹਵਾਵਾਂ ਚਲਦੀਆਂ ਹਨ। ਰੁਤਿ ਸਿਸੀਅਰ ਸੀਤਲ ਹਰਿ ਪ੍ਰਗਟੇ ਮੰਘਰ ਪੋਹਿ ਜੀਉ ਅਤੇ ਹਿਮਕਰ ਰੁਤਿ ਮਨਿ ਭਾਵਤੀ ਮਾਘੁ ਫਗਣੁ ਗੁਣਵੰਤ ਜੀਉ। ਹੇਮੰਤ (ਸਰਦੀ ਤੋਂ ਪਹਿਲਾਂ) ਰੁੱਤ ਵਿਚ ਜਿੱਥੇ ਸਰੀਰ ਵਿਚ ਊਰਜਾ ਅਤੇ ਤਾਕਤ ਆਪਣੇ ਸਿਖਰਾਂ ਤੇ ਹੁੰਦੀ ਹੈ, ਸ਼ਿਸ਼ਿਰ (ਸਰਦੀ) ਵਿਚ ਉਸ ਵਿਚ ਕਮੀ ਆਉਣ ਲੱਗ ਜਾਂਦੀ ਹੈ। ਸੀਤਕਾਲ ਵਿਚ ਮਨੁੱਖ ਨੂੰ ਕੁਦਰਤੀ ਤੌਰ ਤੇ ਹੀ ਉੱਤਮ ਬਲ ਪ੍ਰਾਪਤ ਹੁੰਦਾ ਹੈ। ਪਾਚਨ ਅਗਨੀ ਬਹੁਤ ਪ੍ਰਬਲ ਹੁੰਦੀ ਹੈ। ਇਸ ਲਈ ਇਸ ਰੁੱਤ ਵਿਚ ਸਰੀਰ ਨੂੰ ਬਲਵਾਨ ਬਣਾਉਣ ਲਈ ਭਾਰੇ ਅਤੇ ਸ਼ਕਤੀਵਰਧਕ ਭੋਜਨ ਕਰੋ। ਦੁੱਧ ਅਤੇ ਦੁੱਧ ਨਾਲ ਬਣੇ ਪਦਾਰਥ, ਤਿਲ, ਗੁੜ, ਮੂੰਗਫਲੀ, ਘਿਓ, ਮਾਂਹ, ਦੂਜੇ ਅਨਾਜ ਤੇ ਦਾਲਾਂ, ਮੱਕੀ ਤੇ ਨਵੇਂ ਚੌਲ, ਭਿੰਨ ਭਿੰਨ ਪ੍ਰਕਾਰ ਦੇ ਪੌਸ਼ਟਿਕ ਆਹਾਰ, ਅਦਰਕ, ਲਸਣ ਦੀ ਚਟਨੀ ਦਾ ਪ੍ਰਯੋਗ ਕਰੋ। ਮਿੱਠੇ (Sweet), ਖੱਟੇ (Sour) ਅਤੇ ਨਮਕੀਨ (Salty) ਸੁਆਦ ਵਾਲੇ ਭੋਜਨ ਵਰਤੋਂ ਵਿਚ ਲਿਆਉਣੇ ਚਾਹੀਦੇ ਹਨ ਜਦਕਿ ਤਿੱਖੇ (Pungent), ਕੌੜੇ (Bitter) ਅਤੇ ਕੁਸੈਲੇ (Astringent) ਸੁਆਦ ਵਾਲੇ ਭੋਜਨ ਤੋਂ ਬਚਣਾ ਚਾਹੀਦਾ ਹੈ। ਤੇਲ ਮਾਲਿਸ਼, ਚੰਗੀ ਕਸਰਤ, ਧੁੱਪ ਇਸ਼ਨਾਨ ਅਤੇ ਗਰਮ ਪਾਣੀ ਦਾ ਉਪਯੋਗ ਕਰੋ। ਗਰਮ ਕੱਪੜਿਆਂ ਨਾਲ ਸਰੀਰ ਨੂੰ ਢੱਕ ਕੇ ਰੱਖੋ। ਠੰਢੇ ਪਾਣੀ, ਠੰਢੀਆਂ ਚੀਜ਼ਾਂ, ਛੋਟੇ ਤੇ ਹਲਕੇ ਭੋਜਨ, ਅਤੇ ਵਰਤ ਤੋਂ ਪਰਹੇਜ਼ ਕਰੋ।
ਜੇ ਮਨੁੱਖ ਇਨ੍ਹਾਂ ਨਿਯਮਾਂ ਦੀ ਪਾਲਣਾ ਕਰਦਾ ਹੈ ਤਾਂ ਉਹ ਸਿਹਤਮੰਦ ਅਤੇ ਪ੍ਰਸੰਨਚਿੱਤ ਰਹਿੰਦਾ ਹੈ ਅਤੇ ਉਸ ਨੂੰ ਬਿਮਾਰ ਹੋਣ ਦਾ ਡਰ ਨਹੀਂ ਰਹਿੰਦਾ। ਪਰੰਤੂ ਇਨ੍ਹਾਂ ਨਿਯਮਾਂ ਦੀ ਉਲੰਘਣਾ ਕਾਰਣ ਅਨੇਕਾਂ ਮੌਸਮੀ ਬਿਮਾਰੀਆਂ ਨਾਲ ਗ੍ਰਸਤ ਹੋ ਜਾਂਦਾ ਹੈ। ਹਾਲਾਂਿਕ ਰੋਗੀ ਹੋ ਜਾਣ ਦੀ ਸਥਿਤੀ ਵਿਚ ਇਨ੍ਹਾਂ ਹੀ ਨਿਯਮਾਂ ਤੇ ਨਿਰਭਰ ਹੋ ਕੇ ਫਿਰ ਤੋਂ ਚੰਗੀ ਸਿਹਤ ਦੀ ਪ੍ਰਾਪਤੀ ਵੀ ਕਰ ਸਕਦਾ ਹੈ।

Punjabi Tribune - 08.02.2019