ਸਾਲ
2016 ਵਿੱਚ ਚਿਕਿਤਸਾ ਦੇ ਖੇਤਰ (ਮੈਡੀਸਿਨ) ਵਿੱਚ ਜਾਪਾਨ ਦੇ ਵਿਗਿਆਨੀ ਯੋਸ਼ਿਨੋਰੀ
ਓਸੂਮੀ (Yoshinori Ohsumi) ਨੂੰ ਨੋਬਲ ਪੁਰਸਕਾਰ ਨਾਲ ਸਨਮਾਨਿਆ ਗਿਆ। ਇਹ
ਪੁਰਸਕਾਰ ਉਨ੍ਹਾਂ ਨੂੰ ‘ਮਨੁੱਖੀ ਸਰੀਰ ਵਿੱਚ ਆਟੋਫੈਜੀ’ (Autophagy in Human Body) ਦੇ ਖੇਤਰ ਵਿੱਚ ਨਵੀਂ ਖੋਜ ਦੇ ਲਈ ਦਿੱਤਾ ਗਿਆ। ਸ਼ਬਦ ਆਟੋਫੈਜੀ ਗ੍ਰੀਕ
ਭਾਸ਼ਾ ਦੇ ਦੋ ਸ਼ਬਦਾਂ ‘ਆਟੋ’ ਅਤੇ ‘ਫੈਜੀ’ ਨੂੰ
ਮਿਲਾ ਕੇ ਬਣਿਆ ਹੈ। ‘ਆਟੋ’ ਭਾਵ ਆਪਣੇ ਆਪ ਨੂੰ ਅਤੇ ‘ਫੈਜੀ’ ਭਾਵ ਖਾ ਜਾਣਾ ਅਰਥਾਤ ਆਪਣੇ ਆਪ ਨੂੰ ਖਾ ਜਾਣਾ। ਆਟੋਫੈਜੀ ਸਰੀਰ ਵਿੱਚ ਹੋਣ ਵਾਲੀ ਰੀਸਾਇਕਲਿੰਗ (Recycling – ਭਾਵ ਮੁੜ ਵਰਤਣ ਯੋਗ ਬਣਾਉਣਾ) ਦੀ ਪ੍ਰਕਿਰਿਆ ਨੂੰ
ਕਹਿੰਦੇ ਹਨ। ਇਸ ਪ੍ਰਕਿਰਿਆ ਦੇ ਕਾਰਣ ਹੀ ਪੁਰਾਣੇ ਸੈੱਲ (Cell) ਨਸ਼ਟ ਹੁੰਦੇ ਹਨ ਅਤੇ ਨਵੇਂ ਸੈੱਲਾਂ ਦਾ ਨਿਰਮਾਣ ਹੁੰਦਾ ਹੈ।
ਆਟੋਫੈਜੀ ਇੱਕ ਕੁਦਰਤੀ ਰੱਖਿਆ
ਪ੍ਰਣਾਲੀ ਹੈ ਜਿਹੜੀ ਸਰੀਰ ਨੂੰ ਜਿਉਂਦਾ ਰੱਖਣ ਵਿੱਚ ਮਦਦ ਕਰਦੀ ਹੈ। ਇਹ
ਸਰੀਰ ਨੂੰ, ਬਿਨਾਂ ਭੋਜਨ ਦੇ, ਨਾ ਕੇਵਲ ਕਿਰਿਆਸ਼ੀਲ ਰਹਿਣ ਵਿੱਚ ਮਦਦ ਕਰਦੀ ਹੈ, ਬਲਕਿ ਵੱਖ ਵੱਖ ਤਰ੍ਹਾਂ ਦੇ ਬੈਕਟੀਰੀਆ ਅਤੇ
ਵਾਇਰਸ ਨਾਲ ਲੜਨ ਵਿੱਚ ਮਦਦ ਵੀ ਕਰਦੀ
ਹੈ। ਆਟੋਫੈਜੀ ਦੇ ਨਾਕਾਮ ਹੋਣ ਦੇ ਕਾਰਣ ਹੀ ਬੁਢਾਪਾ ਅਤੇ ਪਾਗਲਪਣ ਵਰਗੀਆਂ ਬਿਮਾਰੀਆਂ ਵਧਦੀਆਂ
ਹਨ। ਇਸ ਖੋਜ ਨਾਲ ਭਵਿੱਖ ਵਿੱਚ ਕੈਂਸਰ, ਸ਼ੱਕਰ ਰੋਗ ਅਤੇ ਪਾਰਕਿਨਸਨ ਵਰਗੀਆਂ ਬਿਮਾਰੀਆਂ ਦਾ ਇਲਾਜ ਕਰਨ ਵਿੱਚ ਮਦਦ ਮਿਲੇਗੀ।
ਅਸੀਂ
ਜਾਣਦੇ ਹਾਂ ਕਿ ਸਾਡੇ ਸਰੀਰ ਨੂੰ ਕਿਰਿਆਸ਼ੀਲ ਰਹਿਣ ਲਈ ਗੁਲੂਕੋਜ਼ (Glucose) ਦੀ
ਲੋੜ ਹੁੰਦੀ ਹੈ। ਜਦੋਂ ਭੋਜਨ
ਹਜਮ ਹੁੰਦਾ ਹੈ ਤਾਂ ਉਹ ਗੁਲੂਕੋਜ਼ ਵਿੱਚ
ਤਬਦੀਲ ਹੋ ਕੇ ਖੂਨ ਵਿੱਚ ਆਉਂਦਾ ਹੈ। ਜਦੋਂ ਖੂਨ ਵਿੱਚ ਗੁਲੂਕੋਜ਼ ਖਤਮ ਹੋ ਜਾਂਦਾ ਹੈ ਤਾਂ ਇਸਦੀ ਪੂਰਤੀ ਜਿਗਰ (Liver) ਅਤੇ ਮਾਸਪੇਸ਼ੀਆਂ
(Muscles) ਵਿੱਚ ਜਮ੍ਹਾ ਗਲਾਇਕੋਜੀਨ (Glycogen) ਤੋਂ ਹੁੰਦੀ ਹੈ। ਜਦੋਂ ਗਲਾਇਕੋਜੀਨ ਵੀ ਖਤਮ ਹੋ ਜਾਂਦਾ ਹੈ ਤਾਂ ਸਰੀਰ ਵਿੱਚ ਜਮ੍ਹਾ ਚਰਬੀ (Fat) ਪਿਘਲਣੀ
ਸ਼ੁਰੂ ਹੋ ਜਾਂਦੀ ਹੈ ਅਤੇ ਇਸ ਕਿਰਿਆਸ਼ੀਲਤਾ ਨੂੰ ਜਾਰੀ ਰੱਖਦੀ ਹੈ ਅਤੇ ਇਸ ਤੋਂ ਬਾਅਦ ਪ੍ਰੋਟੀਨ (Protein) ਦੀ ਵਰਤੋਂ ਸ਼ੁਰੂ
ਹੋ ਜਾਂਦੀ ਹੈ। ਸਾਡਾ
ਸਰੀਰ ਬਹੁਤ ਸਾਰੇ ਛੋਟੇ-ਛੋਟੇ ਸੈੱਲਾਂ ਨਾਲ ਮਿਲ
ਕੇ ਬਣਿਆ ਹੋਇਆ ਹੈ। ਸੈੱਲਾਂ ਦੇ ਅੰਦਰ ਵੀ ਬਹੁਤ ਸਾਰੇ ਭਾਗ ਹੁੰਦੇ ਹਨ ਜਿਨ੍ਹਾਂ ਨੂੰ ਸੈੱਲ-ਔਰਗੇਨੈੱਲ (Cell Organelle) ਕਿਹਾ
ਜਾਂਦਾ ਹੈ। ਹਰੇਕ ਸੈੱਲ-ਔਰਗੇਨੈੱਲ ਦਾ ਆਪਣਾ ਇੱਕ ਵੱਖਰਾ ਕਾਰਜ ਹੁੰਦਾ ਹੈ। ਜਿਵੇਂ ਕਿ ‘ਰਾਇਬੋਜੋਮਜ਼’ (Ribosomes) ਪ੍ਰੋਟੀਨ ਬਣਾਉਂਦੇ ਹਨ। ‘ਗੋਲਜੀ ਬਾਡੀਜ਼’ (Golgi Bodies) ਪ੍ਰੋਟੀਨ ਅਤੇ ਵਸਾ ਨੂੰ ਇੱਕ ਥਾਂ ਤੋਂ ਦੂਜੀ
ਥਾਂ ’ਤੇ ਲੈਕੇ ਜਾਂਦੇ ਹਨ। ਇਸੇ
ਤਰ੍ਹਾਂ ਇੱਕ ਬਹੁਤ ਹੀ ਮਹੱਤਵਪੂਰਣ ਔਰਗੇਨੈੱਲ ਹੈ ‘ਲਾਇਜ਼ੋਜੋਮਜ਼’ (Lysosome) ਜਿਨ੍ਹਾਂ
ਦਾ ਕੰਮ ਖਰਾਬ ਜਾਂ ਆਪਣੀ ਉਮਰ ਪੂਰੀ ਕਰ ਚੁਕੇ ਸੈੱਲ-ਔਰਗੇਨੈੱਲ ਨੂੰ ਖਾਣਾ ਹੁੰਦਾ ਹੈ। ਇਸ
ਤੋਂ ਇਲਾਵਾ ਇਨ੍ਹਾਂ ਦਾ ਕੰਮ ਸੈੱਲ ਅੰਦਰ ਜਮ੍ਹਾ ਫਾਲਤੂ ਤੱਤ ਜਿਹੜੇ
ਸਰੀਰ ਨੂੰ ਨੁਕਸਾਨ ਪਹੁੰਚਾ ਸਕਦੇ ਹਨ,
ਨੂੰ ਖਾ ਕੇ ਹਜਮ
ਕਰਨਾ ਹੁੰਦਾ ਹੈ ਜਿਸਦੇ ਨਤੀਜੇ ਵਜੋਂ ਨਵੇਂ ਸੈੱਲ-ਔਰਗੇਨੈੱਲ ਦਾ ਨਿਰਮਾਣ ਹੁੰਦਾ ਹੈ।
ਯੋਸ਼ਿਨੋਰੀ
ਓਸੂਮੀ ਨੇ ਆਪਣੇ ਇਸ ਸਿਧਾਂਤ ਵਿੱਚ
ਦੱਸਿਆ ਹੈ ਕਿ ਆਟੋਫੈਜੀ ਨੂੰ ਆਪਣੇ ਸਰੀਰ ਵਿੱਚ ਸ਼ੁਰੂ ਕਰਨ ਅਤੇ ਇਸਨੂੰ ਸਰਗਰਮ ਰੱਖਣ ਲਈ ਸਾਨੂੰ ਆਪਣੇ ਆਪ ਨੂੰ ਉਪਵਾਸ ਜਾਂ ਫਾਸਟਿੰਗ (Fasting) ਵਾਲੀ ਸਥਿਤੀ ਵਿੱਚ ਲੈ ਕੇ ਆਉਣਾ ਹੈ। ਉਨ੍ਹਾਂ
ਨੇ ਦੱਸਿਆ ਕਿ ਫਾਸਟਿੰਗ ਦੀ ਸਥਿਤੀ ਵਿੱਚ ਜਦੋਂ ਅਸੀਂ ਭੋਜਨ ਗ੍ਰਹਿਣ ਕਰਨਾ ਬੰਦ ਕਰ ਦਿੰਦੇ ਹਾਂ ਤਾਂ ਸਾਡਾ ਸਰੀਰ ਤੰਤਰ ਇਸਨੂੰ ਇੱਕ ਐਮਰਜੈਂਸੀ (ਹੰਗਾਮੀ ਹਾਲਤ) ਦੇ ਤੌਰ ’ਤੇ ਦੇਖਦੇ
ਹੋਏ ਸਰੀਰ ਦੀ ਰੱਖਿਆ ਕਰਨੀ ਸ਼ੁਰੂ
ਕਰ ਦਿੰਦਾ ਹੈ, ਇਸ ਵਿੱਚ ਆਏ ਵਿਕਾਰਾਂ ਨੂੰ ਦੂਰ ਕਰਨ ਦੀ ਪ੍ਰਕਿਰਿਆ ਵਿੱਚ ਜੁੱਟ
ਜਾਂਦਾ ਹੈ। ਨਤੀਜੇ ਵਜੋਂ ਸਾਡਾ ਸਰੀਰ ਸਵੈ-ਮੁਰੰਮਤ (Self-repairing) ਅਤੇ ਸਵੈ-ਸਫਾਈ (Self-cleaning)
ਦੀ ਅਵਸਥਾ ਵਿੱਚ ਚਲਾ ਜਾਂਦਾ ਹੈ। ਇਸ ਅਵਸਥਾ ਵਿੱਚ ਸਰੀਰ ਦੇ ਅੰਦਰ ਜਮ੍ਹਾ ਕਿਸੇ ਵੀ ਤਰ੍ਹਾਂ ਦੀ ਗੰਦਗੀ, ਸੈੱਲਾਂ ਦੇ ਅੰਦਰ ਜਮ੍ਹਾ ਕੋਲੇਸਟ੍ਰੋਲ, ਸੁਤੰਤਰ-ਕਣ (Free-radicals) ਅਤੇ ਖਰਾਬ ਪ੍ਰੋਟੀਨ – ਜਿਨ੍ਹਾਂ
ਦਾ ਸਰੀਰ ਦੇ ਅੰਦਰ ਕੋਈ ਕੰਮ ਨਹੀਂ ਹੈ ਅਤੇ
ਉਹ ਸੈੱਲਾਂ ਨੂੰ ਨੁਕਸਾਨ ਪਹੁੰਚਾਉਣਗੇ, ਉਨ੍ਹਾਂ ਨੂੰ ਨਸ਼ਟ ਕਰਣਗੇ ਅਤੇ
ਸਰੀਰ ਵਿੱਚ ਬਿਮਾਰੀਆਂ ਲੈ ਕੈ ਆਉਣਗੇ – ਨੂੰ ਬਾਹਰ ਕੱਢਣ ਦੀ ਪ੍ਰਕਿਰਿਆ ਸ਼ੁਰੂ ਹੋ
ਜਾਏਗੀ। ਇਸ ਤਰ੍ਹਾਂ ਸਰੀਰ ਵਿਚੋਂ ਕਿਸੇ ਵੀ ਤਰ੍ਹਾਂ ਦੇ ਜ਼ਹਿਰੀਲੇ ਪਦਾਰਥ ਨੂੰ ਬਾਹਰ ਕੱਢਣ ਦਾ ਇਹ ਸਭ ਤੋਂ ਕਾਰਗਰ ਅਤੇ ਸਹੀ
ਤਰੀਕਾ ਹੈ।
ਨੇਚਰੋਪੈਥੀ ਅਨੁਸਾਰ ਮਨੁੱਖੀ ਸਰੀਰ ਦੀ ਰਚਨਾ ਕਰਣ ਵਾਲੇ ਪੰਜ ਤੱਤਾਂ
– ਆਕਾਸ਼, ਵਾਯੂ, ਅਗਨੀ, ਜਲ ਅਤੇ ਪ੍ਰਿਥਵੀ – (Five elements – Ether, Air, Fire, Water and Earth) ਵਿਚੋਂ ਆਕਾਸ਼ ਤੱਤ ਦੀ ਭੂਮਿਕਾ ਬਹੁਤ ਹੀ ਮਹੱਤਵਪੂਰਨ ਹੈ ਜਿਹੜਾ ਉਪਵਾਸ ਦੁਆਰਾ ਪੇਟ ਨੂੰ ਖਾਲੀ ਰੱਖ ਕੇ ਪ੍ਰਾਪਤ ਹੁੰਦਾ ਹੈ। ਪੇਟ
ਵਿੱਚ ਖਾਲੀ ਥਾਂ ਹੋਣ ’ਤੇ
ਹੀ ਖਾਧੇ ਹੋਏ ਪਦਾਰਥ ਨੂੰ
ਗਤੀ ਮਿਲੇਗੀ ਅਤੇ ਉਹ ਪਚੇਗਾ। ਉਪਵਾਸ ਦਾ ਮੁੱਖ
ਮੰਤਵ ਸਰੀਰ ਦੇ ਪਾਚਨ ਤੰਤਰ ਨੂੰ ਪੂਰਣ ਤੌਰ ’ਤੇ ਆਰਾਮ ਦੇਣਾ ਹੈ। ਸਾਡੇ ਧਾਰਮਿਕ ਗ੍ਰੰਥਾਂ ਵਿੱਚ ਉਪਵਾਸ ਨੂੰ ਸਰੀਰਿਕ ਅਤੇ ਮਾਨਸਿਕ ਪਵਿੱਤਰਤਾ ਦਾ ਇੱਕ ਸਾਧਨ ਮੰਨਿਆ ਗਿਆ ਹੈ। ਸਾਡੇ ਰਿਸ਼ੀਆਂ-ਮੁਨੀਆਂ ਨੇ ਦੂਰਦਰਸ਼ਿਤਾ ਦਿਖਾਉਂਦੇ ਹੋਏ ਆਮ ਲੋਕਾਂ ਦੀ ਸਿਹਤ ਦੇ ਵਿਸ਼ੇ ਨੂੰ ਆਸਥਾ ਨਾਲ ਜੋੜਿਆ ਤਾਂ ਕਿ ਪੀੜ੍ਹੀ-ਦਰ-ਪੀੜ੍ਹੀ ਇਨ੍ਹਾਂ
ਦਾ ਪਾਲਣ ਕਰਕੇ ਲੋਕ ਸਿਹਤਮੰਦ ਰਹਿ ਸਕਣ। ਜਿਵੇਂ ਨਰਾਤਿਆਂ ਦੇ ਉਪਵਾਸ ਮੌਸਮ ਦੇ ਬਦਲਣ ਦੇ ਨਾਲ ਸੰਬੰਧਿਤ ਹਨ। ਪਹਿਲੀ ਵਾਰ ਜਦੋਂ ਰੁੱਤ ਸਰਦੀ ਤੋਂ ਗਰਮੀ ਵੱਲ ਜਾਂਦੀ ਹੈ ਅਤੇ ਦੂਜੀ ਵਾਰ ਜਦੋਂ ਰੁੱਤ ਗਰਮੀ ਤੋਂ ਸਰਦੀ ਵੱਲ ਜਾਂਦੀ ਹੈ। ਆਮ ਤੌਰ ’ਤੇ ਦੇਖਿਆ ਜਾਂਦਾ ਹੈ ਕਿ ਰੁੱਤ ਤਬਦੀਲੀ ਦੇ ਇਨ੍ਹਾਂ ਮੋੜਾਂ ’ਤੇ, ਜਦੋਂ ਵੱਖ-ਵੱਖ ਤਰ੍ਹਾਂ ਦੇ ਬੈਕਟੀਰੀਆ ਅਤੇ ਵਾਇਰਸ
ਪੈਦਾ ਹੁੰਦੇ ਹਨ, ਜ਼ਿਆਦਾਤਰ ਲੋਕ ਸਰਦੀ, ਜ਼ੁਕਾਮ, ਬੁਖਾਰ, ਚੇਚਕ, ਹੈਜ਼ਾ, ਪੇਚਿਸ਼, ਇਨਫ਼ਲੂਏਂਜਾ ਆਦਿ ਰੋਗਾਂ ਨਾਲ
ਪੀੜਿਤ ਹੋ ਜਾਂਦੇ ਹਨ। ਉਸ ਸਮੇਂ ਸਰੀਰ ਵਿੱਚ ਛਿਪੇ ਹੋਏ ਵਿਕਾਰਾਂ ਨੂੰ ਕੱਢਣ ਲਈ ਉਪਵਾਸ ਬਹੁਤ ਜ਼ਰੂਰੀ ਵੀ ਹੁੰਦੇ
ਹਨ ਅਤੇ ਲਾਭਕਾਰੀ ਵੀ। ਇਸੇ ਤਰ੍ਹਾਂ ਏਕਾਦਸ਼ੀ ਦੇ ਉਪਵਾਸ ਦਾ ਵੀ ਵਿਗਿਆਨਿਕ ਪਹਿਲੂ ਹੈ।
ਜਿਸ ਤਰ੍ਹਾਂ ਚੰਦਰਮਾ ਦਾ ਗੁਰੂਤਾ-ਆਕਰਸ਼ਣ ਬਲ ਸਮੁੰਦਰ ਦੇ ਪਾਣੀ ’ਤੇ ਜਵਾਰ-ਭਾਟੇ ਦੇ ਰੂਪ ਵਿੱਚ ਅਸਰ ਪਾਉਂਦਾ ਹੈ, ਉਸੇ ਤਰ੍ਹਾਂ ਇਹ ਮਨੁੱਖ ਦੇ
ਸਰੀਰ ’ਤੇ, ਜਿਸ ਵਿੱਚ 70%ਤੋਂ ਵੱਧ ਪਾਣੀ ਹੈ, ’ਤੇ ਵੀ ਅਸਰ
ਪਾਉਂਦਾ ਹੈ। ਕਿਉਂਕਿ ਏਕਾਦਸ਼ੀ ਵਾਲੇ ਦਿਨ (ਚੰਦਰ-ਚੱਕਰ ਦਾ 11ਵਾਂ ਦਿਨ) ਇਹ ਅਸਰ ਸਭ
ਤੋਂ ਘੱਟ ਹੁੰਦਾ ਹੈ, ਇਸ ਲਈ ਇਸ ਦਿਨ ਨੂੰ ਸਰੀਰ ਦੀ ਸਫਾਈ ਦੇ ਲਈ ਸਭ ਤੋਂ ਉੱਤਮ ਗਿਣਿਆ ਜਾਂਦਾ ਹੈ ਅਤੇ
ਕਿਸੇ ਵੀ ਤਰ੍ਹਾਂ ਦੇ ਭਾਰੇ ਭੋਜਨ ਤੋਂ ਬਚਣ ਦੀ ਸਲਾਹ ਦਿੱਤੀ ਜਾਂਦੀ ਹੈ।
ਪਰੰਤੂ
ਅੱਜ ਅਸੀਂ ਉਪਵਾਸ ਨੂੰ ਕੇਵਲ ਇੱਕ ਰਸਮ ਬਣਾ ਲਿਆ ਹੈ। ਉਪਵਾਸ
ਦੇ ਦੌਰਾਨ ਵੱਖ-ਵੱਖ ਤਰ੍ਹਾਂ ਦੇ ਤਲੇ-ਭੁੰਨੇ, ਚਟਪਟੇ,
ਭਾਰੇ, ਮਸਾਲੇਦਾਰ ਭੋਜਨ ਖਾਣ ਲੱਗ ਗਏ ਹਾਂ। ਅੱਜ ਵੱਡੀਆਂ-ਵੱਡੀਆਂ ਨਾਮੀ ਕੰਪਨੀਆਂ ਦੇ ਫਾਸਟ-ਫਰੈਂਡਲੀ (Fast-friendly) ਭੋਜਨ
ਉਤਪਾਦ ਬਾਜ਼ਾਰ ਵਿੱਚ ਭਰੇ ਪਏ ਹਨ।
ਹੋਟਲ ਅਤੇ ਰੇਸਟੋਰੈਂਟਾਂ ਵਿੱਚ ਉਪਵਾਸ ਦੇ ਨਾਮ ’ਤੇ ਵਿਸ਼ੇਸ਼ ਭੋਜਨ ਬਣਦੇ ਹਨ। ਅਤੇ ਅਸੀਂ ਉਪਵਾਸ ਦੇ
ਅਸਲ ਮੰਤਵ ਤੋਂ ਕਿਤੇ ਦੂਰ ਚਲੇ ਗਏ ਹਾਂ। ਉਪਵਾਸ ਤਾਂ
ਇੱਕ ਸੁਭਾਵਿਕ ਪ੍ਰਕਿਰਿਆ ਹੈ, ਕੁਦਰਤ ਦੀ ਮੰਗ ਹੈ। ਪਸ਼ੂ-ਪੰਛੀ ਆਦਿ ਸਾਰੇ ਜੀਵਾਂ ਨੂੰ ਉਪਵਾਸ ਦੀ
ਲੋੜ ਪੈਂਦੀ ਹੈ। ਰੋਗੀ ਪਸ਼ੂ, ਰੋਗੀ ਮਨੁੱਖ ਨਾਲੋਂ ਵੱਧ ਸਮਝਦਾਰ ਹੁੰਦਾ ਹੈ, ਜਿਹੜਾ ਰੋਗ ਦੀ ਹਾਲਤ ਵਿੱਚ ਚੰਗੇ ਤੋਂ ਚੰਗੇ ਚਾਰੇ ਨੂੰ ਖਾਣਾ ਤਾਂ ਦੂਰ, ਦੇਖਣਾ ਵੀ ਪਸੰਦ ਨਹੀਂ ਕਰਦਾ। ਕਿਉਂਕਿ ਉਹ ਸਮਝਦਾ
ਹੈ ਕਿ ਰੋਗ ਦੀ ਹਾਲਤ ਵਿੱਚ ਕੁਝ ਗ੍ਰਹਿਣ ਕਰਨਾ ਜ਼ਹਿਰ ਦੇ ਬਰਾਬਰ ਹੈ, ਜਦਕਿ ਕੁਝ ਨਾ ਖਾ ਕੇ ਉਪਵਾਸ ਕਰਨਾ ਅੰਮ੍ਰਿਤ ਸਮਾਨ ਹੈ। ਉਂਝ ਸਾਡੇ ਸਰੀਰ ਦਾ ਤੰਤਰ ਏਨਾ ਸੰਵੇਦਨਸ਼ੀਲ ਹੁੰਦਾ ਹੈ ਕਿ ਕੁਦਰਤੀ
ਤੌਰ ’ਤੇ ਹੀ ਬਿਮਾਰ ਹੋਣ ਦੀ ਅਵਸਥਾ ਵਿੱਚ ਸਾਡੀ ਭੁੱਖ
ਮਰ ਜਾਂਦੀ ਹੈ, ਪਰੰਤੂ ਬੁੱਧੀਮਾਨ ਹੁੰਦੇ ਹੋਏ ਵੀ ਅਸੀਂ ਕੁਦਰਤ ਦੇ ਹੁਕਮ ਨੂੰ ਨਹੀਂ ਮੰਨਦੇ ਅਤੇ ਕੁਝ ਨਾ ਕੁਝ ਖਾਂਦੇ ਰਹਿੰਦੇ ਹਾਂ ਅਤੇ ਛੇਤੀ ਠੀਕ ਨਹੀਂ ਹੁੰਦੇ। ਜਦਕਿ ਚਾਹੀਦਾ ਇਹ
ਹੈ ਕਿ ਅਸੀਂ ਉਸ ਕੁਝ ਵੀ ਗ੍ਰਹਿਣ ਕਰਨ ਤੋਂ ਬਚੀਏ ਤਾਕਿ ਜੀਵਨੀ ਸ਼ਕਤੀ ਬਾਹਰੀ
ਤੱਤਾਂ ਨੂੰ ਅਤੇ ਰੋਗ ਨੂੰ ਸਰੀਰ ਵਿਚੋਂ
ਬਾਹਰ ਕੱਢ ਕੇ ਹੀ ਸਾਹ ਲਵੇ।
ਉਪਵਾਸ
ਦੇ ਦੌਰਾਨ ਮਨੁੱਖ ਨੂੰ ਹਮੇਸ਼ਾ ਪ੍ਰਸੰਨਚਿਤ ਅਤੇ ਆਸ਼ਾਵਾਦੀ ਹੋਣਾ ਚਾਹੀਦਾ ਹੈ। ਉਸ
ਦਾ ਮਨ
ਸ਼ਾਂਤ ਅਤੇ ਸਥਿਰ ਹੋਣਾ ਚਾਹੀਦਾ ਹੈ। ਉਪਵਾਸ ਦੇ ਦੌਰਾਨ ਰੋਗੀ ਨੂੰ, ਨਿਯਮਿਤ
ਤੌਰ ’ਤੇ, ਆਪਣੀ ਸਰੀਰਿਕ ਸ਼ਕਤੀ ਅਨੁਸਾਰ, ਕਸਰਤ ਕਰਦੇ ਰਹਿਣਾ ਚਾਹੀਦਾ ਹੈ। ਇਸੇ ਤਰ੍ਹਾਂ ਨਿਯਮਿਤ ਆਰਾਮ ਦੀ ਵੀ ਸਖਤ ਜ਼ਰੂਰਤ
ਹੁੰਦੀ ਹੈ। ਭਾਵ
ਕਿ ਨਾ ਤਾਂ ਰੋਗੀ ਮੰਜੇ ’ਤੇ
ਪਿਆ ਰਹੇ ਅਤੇ ਨਾ ਸਰੀਰਿਕ ਕਾਰਜ ਵਿੱਚ ਰੁੱਝਿਆ
ਰਹੇ। ਉਪਵਾਸ ਦੇ ਦੌਰਾਨ ਸਰੀਰਿਕ ਸ਼ਕਤੀ ਕਾਫੀ ਕਮਜ਼ੋਰ ਹੋ ਜਾਂਦੀ ਹੈ। ਇਸ ਕਰਕੇ ਉਪਵਾਸ ਖਤਮ ਕਰਣ ਵੇਲੇ ਪੂਰਾ ਆਤਮ-ਸੰਜਮ ਵਰਤਣਾ
ਚਾਹੀਦਾ ਹੈ। ਨਿਯੰਤ੍ਰਿਤ ਮਾਤਰਾ ਵਿੱਚ ਫਲਾਂ ਦੇ ਰਸ, ਸਬਜ਼ੀਆਂ ਦੇ ਸੂਪ ਆਦਿ ਤੋਂ ਸ਼ੁਰੂ ਕਰ ਕੇ ਹਲਕੇ, ਆਸਾਨੀ ਨਾਲ ਪਚਣ ਵਾਲੇ ਭੋਜਨ ਅਤੇ ਅੰਤ ਵਿੱਚ ਅੰਨ ’ਤੇ ਆਉਣਾ ਚਾਹੀਦਾ ਹੈ। ਭੋਜਨ ਦੀ
ਮਾਤਰਾ, ਹੌਲੀ-ਹੌਲੀ, ਪਾਚਨ ਸ਼ਕਤੀ ਦੇ ਵਧਣ ਦੇ
ਨਾਲ-ਨਾਲ ਹੀ ਵਧਾਉਣੀ ਚਾਹੀਦੀ ਹੈ। ਸਾਵਧਾਨੀ ਇਸ
ਗੱਲ ਦੀ ਹੋਣੀ ਚਾਹੀਦੀ ਹੈ ਕਿ ਪਹਿਲਾਂ
ਖਾਧਾ ਹੋਇਆ ਭੋਜਨ ਪਚਣ ’ਤੇ ਹੀ ਅਗਲਾ ਭੋਜਨ ਗ੍ਰਹਿਣ ਕੀਤਾ
ਜਾਵੇ।
ਨੇਚਰੋਪੈਥੀ ਵਿੱਚ ਉਪਵਾਸ ਰੋਗਾਂ ਦੀ ਤੀਬਰਤਾ ਦੇ
ਅਨੁਸਾਰ ਰੱਖੇ ਜਾਂਦੇ ਹਨ। ਜਿਵੇਂ
ਕਿ ਸਵੇਰ ਦਾ ਉਪਵਾਸ,
ਸ਼ਾਮ ਦਾ ਉਪਵਾਸ, ਇੱਕ-ਆਹਾਰ ’ਤੇ ਉਪਵਾਸ, ਫਲਾਂ ’ਤੇ
ਉਪਵਾਸ, ਦੁੱਧ ’ਤੇ ਉਪਵਾਸ, ਲੱਸੀ ’ਤੇ
ਉਪਵਾਸ, ਪੂਰਣ-ਉਪਵਾਸ, ਹਫਤਾਵਾਰੀ-ਉਪਵਾਸ, ਲਘੂ-ਉਪਵਾਸ, ਕੜਾ-ਉਪਵਾਸ, ਟੁੱਟਿਆ-ਉਪਵਾਸ, ਲੰਬਾ-ਉਪਵਾਸ। ਲਾਜ਼ਮੀ
ਹੈ ਕਿ ਉਪਵਾਸ ਨੂੰ ਸ਼ੁਰੂ ਅਤੇ ਖਤਮ ਕਰਨ ਦੇ ਤਰੀਕੇ, ਉਪਵਾਸ ਦੀ ਮਿਆਦ ਅਤੇ ਕਿਸਮ, ਉਪਵਾਸ ਦੌਰਾਨ ਰੱਖੀਆਂ ਜਾਣ ਵਾਲੀਆਂ ਸਾਵਧਾਨੀਆਂ
ਬਾਰੇ ਪਤਾ ਹੋਵੇ; ਉਪਵਾਸ ਕਾਲ ਦੇ ਦੌਰਾਨ ਅਸਥਾਈ
ਤੌਰ ’ਤੇ ਆਉਣ ਵਾਲੇ ਰੋਗ-ਨਿਰਵਾਣ ਸੰਕਟਾਂ (ਹੀਲਿੰਗ ਕ੍ਰਾਇਸਿਸ) ਅਤੇ
ਉਨ੍ਹਾਂ ਤੋਂ ਨਿਪਟਣ ਬਾਰੇ ਪੂਰਾ ਗਿਆਨ
ਹੋਵੇ। ਇਸ ਲਈ ਉਪਵਾਸ, ਵਿਸ਼ੇਸ਼ ਤੌਰ ’ਤੇ
ਲੰਬੇ ਉਪਵਾਸ, ਨੇਚਰੋਪੈਥੀ ਵਿਸ਼ੇਸ਼ੱਗ ਦੀ ਸਲਾਹ ਅਤੇ ਦੇਖ-ਰੇਖ ਵਿੱਚ ਹੀ ਰੱਖਣੇ ਚਾਹੀਦੇ ਹਨ। ਸਾਡੇ ਰਾਸ਼ਟਰਪਿਤਾ ਮਹਾਤਮਾ ਗਾਂਧੀ – ਜਿਹੜੇ
ਆਪ ਨੇਚਰੋਪੈਥੀ ਦੇ ਵੱਡੇ ਸਮਰਥਕ ਅਤੇ ਚਿਕਿਤਸਕ ਰਹੇ ਹਨ, ਅਤੇ ਜਿਨ੍ਹਾਂ ਨੇ 1946 ਵਿੱਚ ਪੂਨਾ ਦੇ ਉਰਲੀ ਕੰਚਨ ਵਿੱਚ ਸਭ ਤੋਂ ਪਹਿਲੇ ਨੇਚਰੋਪੈਥੀ ਕੇਂਦਰ ਅਤੇ ਹਸਪਤਾਲ ਦੀ ਸਥਾਪਨਾ ਕੀਤੀ – ਨੇ ਆਪਣੇ 79 ਸਾਲ ਦੇ ਜੀਵਨ ਕਾਲ ਵਿੱਚ 1341
ਦਿਨ (ਤਕਰੀਬਨ ਪੌਣੇ ਚਾਰ ਸਾਲ) ਉਪਵਾਸ ਕੀਤਾ, ਜਿਸ ਵਿੱਚ ਤਿੰਨ ਵਾਰ 21-21 ਦਿਨਾਂ ਦੇ ਉਪਵਾਸ ਸ਼ਾਮਿਲ ਹਨ, ਅਤੇ ਜੀਵਨ ਭਰ ਤੰਦਰੁਸਤ ਰਹੇ। ਆਯੁਰਵੇਦ
ਦੇ ਅਨੁਸਾਰ ‘ਲੰਘਨਮ ਪਰਮਔਸ਼ਧਮ’ ਅਰਥਾਤ
ਉਪਵਾਸ ਇੱਕ ਅਜਿਹੀ ਦੁਆਈ ਹੈ ਜਿਹੜੀ ਸੰਸਾਰ ਵਿੱਚ ਕਿਤੇ ਨਹੀਂ ਮਿਲਦੀ। ਇਸ
ਨਾਲ ਸਰੀਰ ’ਚੋਂ ਜ਼ਹਿਰੀਲੇ ਪਦਾਰਥ
ਬਾਹਰ ਨਿਕਲਦੇ ਹਨ ਅਤੇ ਖੂਨ ਸਾਫ ਹੁੰਦਾ ਹੈ ਜਿਸ ਦੇ ਸਿੱਟੇ ਵਜੋਂ ਭਿਆਨਕ ਤੋਂ ਭਿਆਨਕ ਰੋਗ ਵੀ
ਠੀਕ ਹੋ ਜਾਂਦੇ ਹਨ ਅਤੇ ਲੰਬੀ ਉਮਰ ਦੀ
ਪ੍ਰਾਪਤੀ ਹੁੰਦੀ ਹੈ।
Punjabi Tribune - 31.05.2019
Punjabi Tribune - 31.05.2019