Sunday, November 1, 2020

ਰੋਗ-ਪ੍ਰਤੀਰੋਧਕ ਸ਼ਕਤੀ (ਇਮਿਊਨਿਟੀ) - [Immunity - The defence mechanism of our body to fight diseases]

ਰੋਗ-ਪ੍ਰਤਿਰੋਧਕ ਸ਼ਕਤੀ (Immunity) ਤੋਂ ਭਾਵ ਕੁਦਰਤ ਦੁਆਰਾ ਪ੍ਰਦਾਨ ਉਸ ਅੰਦਰੂਨੀ ਤਾਕਤ ਤੋਂ ਹੈ ਜਿਹੜੀ ਜੀਵਾਂ ਨੂੰ ਰੋਗਾਂ ਨਾਲ ਲੜਨ ਵਿੱਚ ਸਹਾਇਤਾ ਕਰਦੀ ਹੈ। ਇਮਿਊਨਿਟੀ ਦੇ ਬੇਹਤਰ ਹੋਣ ਨਾਲ ਵਿਅਕਤੀ ਨਾ ਕੇਵਲ ਸਿਹਤਮੰਦ ਰਹੇਗਾ, ਸਗੋਂ ਮਾਨਸਿਕ ਅਤੇ ਸਰੀਰਿਕ ਪੱਖੋਂ ਵੀਮਜ਼ਬੂਤ ਹੋਵੇਗਾ। ਕਮਜ਼ੋਰ ਇਮਿਊਨਿਟੀ ਦਾ ਅਸਰ ਪਰਿਵਾਰ ਦੇ ਦੂਜੇ ਮੈਂਬਰਾਂ ਅਤੇ ਆਉਣ ਵਾਲੀਆਂ ਪੀੜ੍ਹੀਆਂ ਦੀ ਸਿਹਤ ਉੱਤੇ ਵੀ ਪੈਂਦਾ ਹੈ। ਸਾਡੇ ਸਰੀਰ ਦਾ ਰੋਗ-ਪ੍ਰਤਿਰੋਧਕ ਤੰਤਰ ਵਿਸ਼ੇਸ਼ ਅੰਗਾਂ, ਸੈੱਲਾਂ ਅਤੇ ਰਸਾਇਣਾਂ ਨਾਲ ਮਿਲ ਕੇ ਬਣਿਆ ਹੈ। ਇਸ ਵਿੱਚ ਸਫੇਦ ਲਹੂ ਕਣ (White blood cells), ਤਿੱਲੀ (Spleen), ਟੌਂਸਿਲ (Tonsil), ਲਿੰਫ ਨੋਡ (Lymph Node), ਆਦਿ ਸ਼ਾਮਿਲ ਹਨ ਜਿਹੜੇ ਸਰੀਰ ਦੇ ਵੱਖ-ਵੱਖ ਹਿੱਸਿਆਂ ਵਿੱਚ ਮੌਜੂਦ ਰਹਿ ਕੇ ਇਸ ਦੀ ਸੁਰੱਖਿਆ ਕਰਦੇ ਹਨ। ਪਰੰਤੂ ਇਸ ਤੰਤਰ ਵਿੱਚ ਵਿਗਾੜ ਪੈ ਜਾਣ ’ਤੇ ਇਹ ਸਰੀਰ ਦੀ ਸੁਰੱਖਿਆ ਕਰਨੀ ਬੰਦ ਕਰ ਦਿੰਦਾ ਹੈ, ਸਰੀਰ ਦੇ ਸੈੱਲਾਂ ਨੂੰ ਨੁਕਸਾਨ ਪਹੁੰਚਾਉਣਾ ਸ਼ੁਰੂ ਕਰ ਦਿੰਦਾ ਹੈ ਅਤੇ ਵਿਅਕਤੀ ਰੋਗੀ ਬਣ ਜਾਂਦਾ ਹੈ। ਬਜ਼ਾਰਾਂ ਦੇ ਬਜ਼ਾਰ ਅੱਜ ਇਮਿਊਨਿਟੀ ਬੂਸਟਰ (ਰੋਗ-ਪ੍ਰਤਿਰੋਧਕ ਸ਼ਕਤੀ ਵਧਾਉਣ ਵਾਲੇ) ਉਤਪਾਦਾਂ (Immunity booster products) ਨਾਲ ਭਰੇ ਪਏ ਹਨ। ਇਮਿਊਨਿਟੀ ਕੋਈ ਅਜਿਹੀ ਚੀਜ਼ ਨਹੀਂ ਜਿਹੜੀ ਰਾਤੋਂ ਰਾਤ ਕੁਝ ਖਾ ਕੇ ਵਧ ਸਕਦੀ ਹੈ, ਬਲਕਿ ਮੁੱਖ ਤੌਰ 'ਤੇ ਇਹ ਸਾਡੀ ਜੀਵਨ-ਸ਼ੈਲੀ (lifestyle) 'ਤੇ ਨਿਰਭਰ ਕਰਦੀ ਹੈ। ਹੇਠ ਲਿਖੀਆਂ ਗੱਲਾਂ ਨੂੰ ਅਪਣਾ ਕੇ ਅਸੀਂ ਆਪਣੀ ਇਮਿਊਨਿਟੀ ਨੂੰ ਵਧਾ ਸਕਦੇ ਹਾਂ:

ਕੀ ਖਾਈਏ/ਨਾ ਖਾਈਏ: ਮਨੁੱਖੀ ਸਰੀਰ ਵਿੱਚ ਤਕਰੀਬਨ 80% ਐਲਕੇਲਾਇਨ/ਖਾਰੇ (Alkaline) ਅਤੇ 20% ਅਮਲੀ/ਤੇਜ਼ਾਬੀ (Acidic) ਤੱਤ ਹੁੰਦੇ ਹਨ। ਸਾਡੀਆਂ ਸਰੀਰਿਕ ਅਤੇ ਮਾਨਸਿਕ ਗਤੀਵਿਧੀਆਂ ਇਸੇ ਅਨੁਪਾਤ ’ਤੇ ਨਿਰਭਰ ਹਨ ਅਤੇ ਤੰਦਰੁਸਤ ਰਹਿਣ ਲਈ ਇਨ੍ਹਾਂ ਵਿੱਚ ਸੰਤੁਲਨ ਲਾਜ਼ਮੀ ਹੈ। ਭੋਜਨ ਨੂੰ ਊਰਜਾ ਵਿੱਚ ਬਦਲਣ ਦੀ ਪ੍ਰਕਿਰਿਆ ਦੌਰਾਨ ਸਰੀਰ ਵਿੱਚ ਅਮਲੀ ਤੱਤ ਪੈਦਾ ਹੁੰਦੇ ਹਨ, ਪਰੰਤੂ ਖਾਰੇ ਤੱਤਾਂ ਦੀ ਪੂਰਤੀ ਬਾਹਰੋਂ, ਭਾਵ ਭੋਜਨ ਰਾਹੀਂ ਕਰਨੀ ਪੈਂਦੀ ਹੈ। ਇਸ ਲਈ ਜ਼ਰੂਰੀ ਹੈ ਕਿ ਭੋਜਨ ਵਿੱਚ 80% ਜਾਂ ਵੱਧ ਐਲਕੇਲਾਇਨ ਖਾਧ-ਪਦਾਰਥ ਹੋਣ। ਜਦਕਿ ਅਸਲੀਅਤ ਵਿੱਚ ਅਮਲੀ ਖਾਧ-ਪਦਾਰਥਾਂ ਦੀ ਵਰਤੋਂ ਅਸੀਂ ਕਿਤੇ ਵੱਧ ਕਰ ਰਹੇ ਹਾਂ ਜਿਸ ਨਾਲ ਸਰੀਰ ਵਿੱਚ ਅਮਲਤਾ ਵਧ ਰਹੀ ਹੈ ਅਤੇ ਅਸੀਂ ਬਿਮਾਰ ਪੈ ਰਹੇ ਹਾਂ। ਫਲ (ਨਿੰਬੂ, ਸੰਤਰਾ, ਆਦਿ ਵੀ), ਸਬਜ਼ੀਆਂ, ਜੜੀ-ਬੂਟੀਆਂ, ਸ਼ਹਿਦ, ਗੁੜ, ਸ਼ੱਕਰ, ਕੱਚਾ ਦੁੱਧ ਆਦਿ ਐਲਕੇਲਾਇਨ; ਜਦਕਿ ਜ਼ਿਆਦਾਤਰ ਅਨਾਜ, ਮੀਟ, ਉਬਲਿਆ ਦੁੱਧ ਅਤੇ ਉਸ ਨਾਲ ਬਣੇ ਪਦਾਰਥ, ਅੰਡੇ, ਦਾਲਾਂ, ਚੀਨੀ, ਡੱਬਾ-ਬੰਦ ਭੋਜਨ, ਆਦਿ ਅਮਲੀ ਖਾਧ ਪਦਾਰਥਾਂ ਵਿੱਚ ਆਉਂਦੇ ਹਨ। 
 
ਕਿਹੋ ਜਿਹਾ ਖਾਈਏ: ਭੋਜਨ ਨੂੰ ਪਚਾਉਣ ਲਈ ਪਾਚਕ ਰਸਾਂ ਦਾ ਹੋਣਾ ਲਾਜ਼ਮੀ ਹੈ। ਪਕਾਉਣ ਨਾਲ ਉਸ ਵਿਚਲੇ ਪੋਸ਼ਕ ਤੱਤ ਅਤੇ ਪਾਚਕ ਰਸ ਨਸ਼ਟ ਹੋ ਜਾਂਦੇ ਹਨ, ਜਿਸ ਕਰਕੇ ਉਸ ਨੂੰ ਪਚਾਉਣ ਲਈ ਸਰੀਰ ਦੇ ਅੰਗਾਂ ਜਿਵੇਂ ਜਿਗਰ, ਪਾਚਕ ਗ੍ਰੰਥੀ (ਪੈਨਕ੍ਰਿਆਜ਼), ਪੇਟ ਅਤੇ ਅੰਤੜੀਆਂ ਨੂੰ ਵਧ ਕੰਮ ਕਰਨਾ ਪੈਂਦਾ ਹੈ। ਇਸ ਲਈ ਸਾਨੂੰ ਵੱਧ ਤੋਂ ਵੱਧ ਅਣ-ਪਕਿਆ ਭੋਜਨ ਕਰਨਾ ਚਾਹੀਦਾ ਹੈ। ਜੇਕਰ ਭੋਜਨ ਪਕਾਉਣਾ ਵੀ ਪਵੇ ਤਾਂ ਕੇਵਲ ਲੋੜ ਅਨੁਸਾਰ ਨਰਮ ਕੀਤਾ ਜਾਵੇ। ਅਣ-ਪੱਕੇ ਰੂਪ ਵਿੱਚ ਬੀਜਾਂ, ਦਾਲਾਂ ਅਤੇ ਅਨਾਜ ਨੂੰ ਅੰਕੁਰਿਤ ਕਰਕੇ, ਫਲਾਂ ਅਤੇ ਸਬਜ਼ੀਆਂ ਨੂੰ ਜੂਸ, ਸਲਾਦ, ਚਟਨੀ ਦੇ ਰੂਪ ਵਿੱਚ, ਦੁੱਧ, ਦਹੀਂ ਅਤੇ ਸੁੱਕੇ ਮੇਵਿਆਂ ਦੇ ਰੂਪ ਵਿੱਚ ਵਰਤਿਆ ਜਾ ਸਕਦਾ ਹੈ। ਅਜਿਹਾ ਭੋਜਨ ਨਾ ਕੇਵਲ ਜਲਦੀ ਪਚੇਗਾ, ਬਲਕਿ ਇਮਯੂਨਿਟੀ ਵੀ ਵਧਾਏਗਾ। ਮੈਦੇ, ਚੀਨੀ, ਸਾਧਾਰਣ ਨਮਕ, ਰਿਫਾਇੰਡ ਤੇਲ ਵਰਗੇ ਜ਼ਹਿਰਾਂ ਦੀ ਵਰਤੋਂ ਬੰਦ ਕਰਕੇ, ਆਟਾ (ਚੋਕਰ/ਛਾਣ ਸਮੇਤ), ਦੇਸੀ ਖੰਡ/ਗੁੜ/ਸ਼ੱਕਰ, ਸੇਂਧਾ/ਕਾਲਾ ਨਮਕ ਅਤੇ ਸਰ੍ਹੋਂ/ਨਾਰੀਅਲ/ਤਿਲ/ਜੈਤੂਨ ਦਾ ਤੇਲ ਜਾਂ ਦੇਸੀ ਘਿਓ ਦੀ ਵਰਤੋਂ ਕਰੀਏ।
             

ਕਿੰਨਾ ਖਾਈਏ: ਤੰਦਰੁਸਤ ਰਹਿਣ ਲਈ ਇਹ ਜ਼ਰੂਰੀ ਨਹੀਂ ਕਿ ਅਸੀਂ ਬਹੁਤਾ ਖਾਈਏ, ਬਲਕਿ ਜਿੰਨਾ ਖਾਈਏ, ਉਹ ਸਹੀ ਤਰੀਕੇ ਨਾਲ ਪਚ ਕੇ ਸਰੀਰ-ਨਿਰਮਾਣ ਅਤੇ ਕੋਸ਼ਿਕਾਵਾਂ ਦੀ ਮੁਰਮੰਤ ਵਿਚ ਸਹਾਈ ਹੋਵੇ ਅਤੇ ਬਚਿਆ-ਖੁਚਿਆ ਪਦਾਰਥ ਪਿਸ਼ਾਬ, ਪਸੀਨੇ, ਪਖਾਨੇ ਅਤੇ ਪ੍ਰਾਣਾਂ (ਸਾਹ) ਰਾਹੀਂ ਸਰੀਰ ਵਿਚੋਂ ਨਿਕਲ ਜਾਵੇ। ਘੱਟ ਖਾਣ ਨਾਲ ਭਾਵੇਂ ਸਾਨੂੰ ਕੋਈ ਦਿੱਕਤ ਨਾ ਆਵੇ, ਪਰੰਤੂ ਵੱਧ ਜਾਂ ਬਿਨਾ ਭੁੱਖ ਤੋਂ ਖਾਣ ਨਾਲ ਸਮੱਸਿਆ ਹੋਣੀ ਲਾਜ਼ਮੀ ਹੈ। ਆਯੁਰਵੇਦ ਅਨੁਸਾਰ ਪੇਟ ਦਾ ਕੇਵਲ ਅੱਧਾ ਭਾਗ ਆਹਾਰ, ਇੱਕ ਚੌਥਾਈ ਕੁਝ ਚਿਰ ਬਾਅਦ ਪਾਣੀ ਅਤੇ ਬਾਕੀ ਇੱਕ ਚੌਥਾਈ ਹਵਾ ਦੇ ਲਈ ਛਡਣਾ ਚਾਹੀਦਾ ਹੈ। ਚਰਕ ਰਿਸ਼ੀ ਦੇ ਕਥਨ ਅਨੁਸਾਰ ਉਹੀ ਵਿਅਕਤੀ ਰੋਗਾਂ ਤੋਂ ਦੂਰ ਰਹਿ ਸਕਦਾ ਹੈ ਜਿਹੜਾ ਹਿਤ ਭੁਕ, ਰਿਤ ਭੁਕ, ਮਿਤ ਭੁਕ  ਸਿਧਾਂਤ ਅਨੁਸਾਰ, ਹਿਤਕਾਰੀ, ਸਿਹਤ ਲਈ ਚੰਗਾ, ਰੁੱਤ ਅਨੁਸਾਰ ਅਤੇ ਭੁੱਖ ਨਾਲੋਂ ਘੱਟ ਭੋਜਨ ਕਰੇ।

ਕਦੋਂ ਖਾਈਏ: ਪਾਚਨ ਚੱਕਰ ਦਾ ਸੂਰਜ ਦੇ ਚੱਕਰ ਨਾਲ ਬੜਾ ਗੂੜ੍ਹਾ ਸੰਬੰਧ ਹੈ। ਦੁਪਹਿਰ 12:00 ਤੋਂ 2:00 ਵਜੇ ਤੱਕ ਸੂਰਜ ਆਪਣੇ ਚਰਮ ’ਤੇ ਹੁੰਦਾ ਹੈ, ਅਤੇ ਉਸੇ ਸਮੇਂ ਪਾਚਨ ਅਗਨੀ ਵੀ ਚਰਮ ’ਤੇ ਹੁੰਦੀ ਹੈ। ਇਸ ਲਈ ਦੁਪਹਿਰ ਦਾ ਖਾਣਾ ਦਿਨ ਦਾ ਸਭ ਤੋਂ ਭਾਰਾ ਹੋਣਾ ਚਾਹੀਦਾ ਹੈ। ਸਵੇਰ ਅਤੇ ਸ਼ਾਮ ਦੇ ਖਾਣੇ ਹਲਕੇ ਹੋਣੇ ਚਾਹੀਦੇ ਹਨ। ਦੇਰ ਸ਼ਾਮ ਜਾਂ ਰਾਤ ਨੂੰ ਖਾਣ ਤੋਂ ਬਚਣਾ ਚਾਹੀਦਾ ਹੈ ਕਿਉਂਕਿ ਉਸ ਸਮੇਂ ਪਾਚਨ ਅਗਨੀ ਮੱਧਮ ਹੁੰਦੀ ਹੈ। ਖਾਣਾ ਉਦੋਂ ਖਾਧਾ ਜਾਵੇ, ਜਦੋਂ ਪਹਿਲਾਂ ਤੋਂ ਖਾਧਾ ਪਚ ਚੁਕਾ ਹੋਵੇ। ਬਿਨਾ ਭੁੱਖ ਤੋਂ ਖਾਣ ਨਾਲ ਗੈਸ, ਕਬਜ਼, ਬਦਹਜ਼ਮੀ, ਆਦਿ ਅਨੇਕਾਂ ਰੋਗ ਜਨਮ ਲੈਂਦੇ ਹਨ। ਇਸ ਤਰ੍ਹਾਂ ਦੁਪਹਿਰ ਤੱਕ ਰੱਜ ਕੇ ਮੌਸਮੀ ਫਲ, ਸਲਾਦ ਜਾਂ ਜੂਸ, ਦੁਪਹਿਰ ਵੇਲੇ ਪੂਰਣ ਭੋਜਨ, ਸ਼ਾਮ ਨੂੰ ਲੋੜ ਅਨੁਸਾਰ ਫਲ ਜਾਂ ਸਲਾਦ ਅਤੇ ਰਾਤ ਨੂੰ ਹਲਕਾ ਭੋਜਨ (ਮੁੱਖ ਤੌਰ ’ਤੇ ਸਬਜ਼ੀਆਂ ਜਾਂ ਸੂਪ) ਹੋ ਸਕਦੇ ਹਨ। ਸ਼ਾਮ ਦਾ ਭੋਜਨ ਬਿਸਤਰੇ ’ਤੇ ਜਾਣ ਤੋਂ ਘੱਟੋ-ਘੱਟ ਤਿੰਨ ਘੰਟੇ ਪਹਿਲਾਂ ਕਰ ਲੈਣਾ ਚਾਹੀਦਾ ਹੈ।

ਯੋਗ: ਇਮਯੂਨਿਟੀ ਵਧਾਉਣ ਦਾ ਸਭ ਤੋਂ ਸੌਖਾ, ਸਸਤਾ ਅਤੇ ਉੱਤਮ ਉਪਾਅ ਯੋਗ ਹੈ। ਯੋਗ ਨਾਲ ਨਾ ਸਿਰਫ ਸਰੀਰ ਦੇ ਸਾਰੇ ਅੰਗ ਮਜ਼ਬੂਤ ਹੁੰਦੇ ਹਨ, ਬਲਕਿ ਉਨ੍ਹਾਂ ਦੀ ਕਾਰਜ-ਸਮਰੱਥਾ ਵੀ ਵਧਦੀ ਹੈ। ਵੱਖ-ਵੱਖ ਤਰ੍ਹਾਂ ਦੇ ਆਸਨ, ਮੁਦਰਾਵਾਂ, ਬੰਧ, ਧਿਆਨ, ਕਪਾਲ-ਭਾਤੀ, ਅਨੁਲੋਮ-ਵਿਲੋਮ ਪ੍ਰਾਣਾਯਾਮ, ਸੂਰਜ-ਨਮਸਕਾਰ, ਆਦਿ ਵਿਕਾਰਾਂ ਨੂੰ ਦੂਰ ਕਰਦੇ ਹਨ ਅਤੇ ਸਫੇਦ ਲਹੂ ਕਣਾਂ ਵਿੱਚ ਵਾਧਾ ਕਰਦੇ ਹਨ। ਮੌਜੂਦਾ ਸੰਕਟ ਵਿੱਚ ਯੋਗ ਦੀ ਮਹੱਤਤਾ ਹੋਰ ਵੀ ਵੱਧ ਜਾਂਦੀ ਹੈ, ਕਿਉਂਕਿ ਇਹ ਸਾਹ-ਤੰਤਰ, ਸੰਚਾਰ-ਤੰਤਰ, ਆਦਿ ਨੂੰ ਮਜ਼ਬੂਤ ਕਰਨ ਦੇ ਨਾਲ ਨਾਲ ਵਿਅਕਤੀ ਦੇ ਮਨ ਨੂੰ ਸ਼ਾਂਤ ਕਰਦਾ ਹੈ ਅਤੇ ਉਸ ਨੂੰ ਤਣਾਅ ਤੋਂ ਦੂਰ ਰਖਦਾ ਹੈ।
   
ਘਰ ਦੀ ਬਗੀਚੀ/ਰਸੋਈ ਵਿੱਚ ਮੌਜੂਦ ਔਸ਼ਧੀਆਂ: ਸਾਡੇ ਘਰ ਦੀ ਬਗੀਚੀ/ਰਸੋਈ ਵਿੱਚ ਤੁਲਸੀ, ਲਸਣ, ਨਿੰਬੂ, ਸ਼ਹਿਦ, ਅਦਰਕ, ਹਲਦੀ, ਦਾਲਚੀਨੀ, ਗਲੋਅ, ਕਾਲੀ ਮਿਰਚ, ਲੌਂਗ, ਇਲਾਇਚੀ, ਅਸ਼ਵਗੰਧਾ, ਆਦਿ ਜਿਹੀਆਂ ਬਹੁਤ ਸਾਰੀਆਂ ਔਸ਼ਧੀਆਂ ਹਨ, ਜਿਹੜੀਆਂ ਇਮਯੂਨਿਟੀ ਨੂੰ ਵਧਾਉਂਦੀਆਂ ਹਨ; ਹਰ ਤਰ੍ਹਾਂ ਦੇ ਵਾਇਰਸ, ਬੈਕਟੀਰੀਆ ਤੋਂ ਸਾਡਾ ਬਚਾਅ ਕਰਦੀਆਂ ਹਨ, ਦਿਲ ਦੀ ਤੰਦਰੁਸਤੀ, ਸਾਹ, ਚਮੜੀ, ਪੇਟ, ਆਦਿ ਅਣਗਿਣਤ ਰੋਗਾਂ ਲਈ ਕਾਰਗਰ ਹਨ। ਲੇਕਿਨ ਇਨ੍ਹਾਂ ਔਸ਼ਧੀਆਂ ਦੀ ਲੋੜ ਤੋਂ ਵੱਧ ਮਾਤਰਾ ਫਾਇਦੇ ਦੀ ਥਾਂ ਭਿਆਨਕ ਨੁਕਸਾਨ ਕਰ ਸਕਦੀ ਹੈ। ਫਿਰ ਚਾਹੇ ਅਸੀਂ ਉਹ ਕਾੜ੍ਹੇ ਦੇ ਰੂਪ ਵਿੱਚ ਵਰਤੀਏ, ਦੁੱਧ, ਜਾਂ ਦਾਲ-ਸਬਜ਼ੀ ਵਿੱਚ ਪਾਈਏ ਜਾਂ ਫਿਰ ਉਂਝ ਹੀ ਚੂਸੀਏ। ਸਾਰੇ ਦਿਨ ਵਿੱਚ 4-5 ਦਾਣੇ ਕਾਲੀ ਮਿਰਚ, ਲੌਂਗ, ਇਲਾਇਚੀ, 8-10 ਪੱਤੇ ਤੁਲਸੀ, 2-3 ਚੁਟਕੀ ਦਾਲਚੀਨੀ, 1-2 ਨਿੰਬੂ, 1-2 ਪੱਤੇ ਅਸ਼ਵਗੰਧਾ, 5-6 ਕਲੀਆਂ ਲਸਣ, 1-2 ਚਮਚ ਅਦਰਕ ਦਾ ਰਸ, ਇੱਕ-ਡੇਢ ਇੰਚ ਗਲੋਅ ਦਾ ਟੁਕੜਾ, ਅੱਧਾ-ਇੱਕ ਚਮਚ ਹਲਦੀ, ਆਦਿ। ਭਾਵ ਬਹੁਤ ਹੀ ਸੀਮਿਤ ਮਾਤਰਾ ਵਿੱਚ।

ਕੁਝ ਹੋਰ ਗੱਲਾਂ: ਘੱਟੋ-ਘੱਟ 7-8 ਘੰਟੇ ਦੀ ਨੀਂਦ ਲਓ। ਪਾਣੀ ਖੂਬ ਪੀਓ। ਤਣਾਅ, ਡਰ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਆਦਿ ਨਕਾਰਾਤਮਕ ਗੱਲਾਂ ਤੋਂ ਦੂਰ ਰਹੋ, ਕਿਉਂਕਿ ਇਹ ਸਰੀਰ ਵਿੱਚ ਅਮਲਤਾ ਨੂੰ ਵਧਾਉਂਦੇ ਹਨ। ਸਤ, ਸੰਤੋਖ, ਦਇਆ, ਧਰਮ, ਸੰਜਮ, ਆਦਿ ਸਕਾਰਾਤਮਕ ਗੱਲਾਂ ਨੂੰ ਆਪਣੇ ਅੰਦਰ ਵਸਾਓ ਜਿਹੜੀਆਂ ਤੁਹਾਨੂੰ ਸਦਾ ਚੜ੍ਹਦੀ ਕਲਾ ਵਿੱਚ ਰੱਖਣਗੀਆਂ।

ਉਪਰੋਕਤ ਗੱਲਾਂ ਦਾ ਧਿਆਨ ਰੱਖ ਕੇ ਅਸੀਂ ਆਪਣੇ ਜੀਵਨ ਨੂੰ ਗਿਲਗਿਟ-ਬਾਲਟਿਸਤਾਨ (ਮਕਬੂਜ਼ਾ ਕਸ਼ਮੀਰ) ਦੀਆਂ ਪਹਾੜੀਆਂ ਵਿੱਚ ਵਸਦੇ ਹੁੰਜ਼ਾ ਘਾਟੀ ਦੇ ਲੋਕਾਂ ਵਾਂਗੂੰ ਬਣਾ ਸਕਦੇ ਹਾਂ ਜਿਨ੍ਹਾਂ ਬਾਰੇ ਕਿਹਾ ਜਾਂਦਾ ਹੈ ਕਿ ਉਹ ਸਦਾ ਖੁਸ਼, ਜਵਾਨ ਅਤੇ ਖੂਬਸੂਰਤ ਰਹਿੰਦੇ ਹਨ, ਕਦੇ ਬਿਮਾਰ ਨਹੀਂ ਹੁੰਦੇ ਅਤੇ 100 ਵਰ੍ਹਿਆਂ ਤੋਂ ਵੱਧ ਦਾ ਜੀਵਨ ਜਿਉਂਦੇ ਹਨ। ਇਸ ਦਾ ਇੱਕੋ-ਇੱਕ ਕਾਰਣ ਉਥੋਂ ਦੇ ਲੋਕਾਂ ਦਾ ਆਪਣੇ ਜੀਵਨ ਨੂੰ ਉਪਰੋਕਤ ਨਿਯਮਾਂ ਦੇ ਅਨੁਸਾਰ ਢਾਲਣਾ ਹੈ।

ਸੰਜੀਵ ਕੁਮਾਰ ਸ਼ਰਮਾ
98147-11605

No comments:

Post a Comment