Saturday, February 13, 2021

A Talkshow on Connect FM Canada 91.5 - Jad Milke Baithange with Jasmine - Part IV


 

A Talkshow on Connect FM Canada 91.5 - Jad Milke Baithange with Jasmine - Part III


 

A Talkshow on Connect FM Canada 91.5 - Jad Milke Baithange with Jasmine - Part II

 


A Talkshow on Connect FM Canada 91.5 - Jad Milke Baithange with Jasmine - Part I


 

ਇਸ਼ਨਾਨ ਅਤੇ ਅਰੋਗਤਾ (Bath and Healthy Body)

ਤੰਦਰੁਸਤ ਸਰੀਰ ਲਈ ਜਿੰਨੀ ਲੋੜ ਸੰਤੁਲਿਤ ਅਤੇ ਪੌਸ਼ਟਿਕ ਆਹਾਰ ਦੀ ਹੈ, ਓਨੀ ਹੀ ਇਸ ਦੀ ਸਾਫ-ਸਫਾਈ ਦੀ ਵੀ ਹੈ। ਸਰੀਰ ਨੂੰ ਸਾਫ-ਸੁਥਰਾ ਅਤੇ ਤਰੋ-ਤਾਜ਼ਾ ਰੱਖਣ ਵਿੱਚ ਇਸ਼ਨਾਨ ਇੱਕ ਮਹੱਤਵਪੂਰਣ ਭੂਮਿਕਾ ਨਿਭਾਉਂਦਾ ਹੈ। ਇਸ਼ਨਾਨ ਦੁਆਰਾ ਅਸੀਂ ਸਰੀਰ ਉੱਤੇ ਚਿਪਕੀ ਹੋਈ ਮੈਲ ਜਾਂ ਮਿੱਟੀ ਨੂੰ ਦੂਰ ਕਰਕੇ ਇਸ ਨੂੰ ਰੋਗਾਣੂ-ਮੁਕਤ ਬਣਾ ਸਕਦੇ ਹਾਂ। ਸਾਡੇ ਧਾਰਮਿਕ ਗ੍ਰੰਥਾਂ ਵਿੱਚ ਵੀ ਇਸ਼ਨਾਨ ਨੂੰ ਬਹੁਤ ਉੱਚਾ ਦਰਜ਼ਾ ਦਿੱਤਾ ਗਿਆ ਹੈ। ਜਿਵੇਂ ਕਿ ਗੁਰਬਾਣੀ ਵਿੱਚ ਕਰਿ ਇਸਨਾਨੁ ਸਿਮਰਿ ਪ੍ਰਭੁ ਅਪਨਾ ਮਨ ਤਨ ਭਏ ਅਰੋਗਾ  ਭਾਵ ਇਸ਼ਨਾਨ ਕਰਕੇ ਅਤੇ ਆਪਣੇ ਪ੍ਰਭੂ ਦਾ ਨਾਮ ਸਿਮਰ ਕੇ ਮਨ ਅਤੇ ਸਰੀਰ ਨਰੋਏ ਹੋ ਜਾਂਦੇ ਹਨ। ਇਸੇ ਤਰ੍ਹਾਂ ਚਰਕ ਰਿਸ਼ੀ ਨੇ ਵੀ ਸਨਾਨਮ ਪਵਿਤਰਮ ਵਰਿਸ਼ਯਮ ਆਯੁਸ਼ਯਮ ਸ਼੍ਰਮ ਸਵੇਮਲਾਪਹਮ ਸ਼ਰੀਰਬਲਸੰਧਾਨਮ ਪਰਮ ਓਜਸਕ੍ਰਮ ਸ਼ਲੋਕ ਦੁਆਰਾ ਸਮਝਾਇਆ ਹੈ ਕਿ ਇਸ਼ਨਾਨ ਸਰੀਰ ਨੂੰ ਪਵਿੱਤਰ ਕਰਦਾ ਹੈ, ਉਮਰ ਨੂੰ ਵਧਾਉਂਦਾ ਹੈ, ਸਰੀਰ ਦੀ ਥਕਾਵਟ, ਪਸੀਨਾ, ਮਿੱਟੀ ਨੂੰ ਦੂਰ ਕਰਦਾ ਹੈ, ਬਲ ਅਤੇ ਦਲੇਰੀ ਨੂੰ ਵਧਾਉਂਦਾ ਹੈ।

ਨੇਚਰੋਪੈਥੀ ਵਿੱਚ ਸਰੀਰ ਨੂੰ ਨਿਰੋਗੀ ਰੱਖਣ ਲਈ ਕਈ ਪ੍ਰਕਾਰ ਦੇ ਇਸ਼ਨਾਨਾਂ ਦਾ ਪ੍ਰਯੋਗ ਕੀਤਾ ਜਾਂਦਾ ਹੈ, ਜਿਨ੍ਹਾਂ ਵਿਚੋਂ ਕੁਝ ਇਸ਼ਨਾਨ ਅਤੇ ਉਨ੍ਹਾਂ ਤੋਂ ਹੋਣ ਵਾਲੇ ਲਾਭਾਂ ਦਾ ਹੇਠਾਂ ਵਰਣਨ ਕੀਤਾ ਗਿਆ ਹੈ:

ਸਾਧਾਰਨ ਇਸ਼ਨਾਨ: ਰੋਜ਼ਾਨਾ, ਤਾਜ਼ੇ-ਠੰਢੇ ਪਾਣੀ ਨਾਲ ਕੀਤੇ ਜਾਣ ਵਾਲੇ ਇਸ਼ਨਾਨ ਨੂੰ ਸਾਧਾਰਨ ਇਸ਼ਨਾਨ ਕਿਹਾ ਜਾਂਦਾ ਹੈ। ਠੰਢਾ ਪਾਣੀ ਸਰੀਰ ਵਿੱਚ ਲਹੂ ਦੇ ਸੰਚਾਰ ਨੂੰ ਦਰੁਸਤ ਕਰਦਾ ਹੈ, ਆਲਸ ਦੂਰ ਕਰਦਾ ਹੈ, ਸਰੀਰ ਦੀ ਰੋਗ-ਪ੍ਰਤੀਰੋਧਕ ਸ਼ਕਤੀ ਨੂੰ ਵਧਾਉਂਦਾ ਹੈ, ਚਮੜੀ ਅਤੇ ਵਾਲਾਂ ਨੂੰ ਨਿਖਾਰਦਾ ਹੈ ਅਤੇ ਤਣਾਅ ਨੂੰ ਦੂਰ ਕਰਦਾ ਹੈ ਪਰ ਜੇਕਰ ਬਹੁਤ ਜ਼ਿਆਦਾ ਠੰਢ ਹੈ, ਵਿਅਕਤੀ ਬਿਮਾਰ ਜਾਂ ਕਮਜ਼ੋਰ ਹੈ, ਤਾਂ ਪਾਣੀ ਦੀ ਠਾਰ ਭੰਨ੍ਹੀ ਜਾ ਸਕਦੀ ਹੈ। ਸਾਧਾਰਨ ਇਸ਼ਨਾਨ ਲਈ ਸਾਬਣ ਦੀ ਵਰਤੋਂ ਘੱਟ ਤੋਂ ਘੱਟ ਕੀਤੀ ਜਾਣੀ ਚਾਹੀਦੀ ਹੈ ਕਿਉਂਕਿ ਉਸ ਵਿੱਚ ਮੌਜੂਦ ਰਸਾਇਣ ਚਮੜੀ ਨੂੰ ਖੁਸ਼ਕ ਕਰਦੇ ਹਨ ਅਤੇ ਨੁਕਸਾਨ ਪਹੁੰਚਾਉਂਦੇ ਹਨ। ਸਾਬਣ ਦੀ ਥਾਂ ਵੇਸਣ, ਦਹੀਂ, ਲੱਸੀ, ਮੁਲਾਇਮ ਭਿੱਜੀ ਹੋਈ ਜਾਂ ਮੁਲਤਾਨੀ ਮਿੱਟੀ ਦਾ ਇਸਤੇਮਾਲ ਕੀਤਾ ਜਾ ਸਕਦਾ ਹੈ।

ਖੁਸ਼ਕ ਰਗੜ ਇਸ਼ਨਾਨ: ਖੁਰਦਰੇ ਤੌਲੀਏ ਜਾਂ ਹੱਥਾਂ ਦੀਆਂ ਹਥੇਲੀਆਂ ਨਾਲ ਰਗੜ-ਰਗੜ ਕੇ ਬਿਨਾਂ ਪਾਣੀ ਕੀਤੇ ਜਾਣ ਵਾਲੇ ਇਸ਼ਨਾਨ ਨੂੰ ਖੁਸ਼ਕ ਰਗੜ ਇਸ਼ਨਾਨ (Dry Friction Bath) ਕਿਹਾ ਜਾਂਦਾ ਹੈ। ਇਸ ਵਿੱਚ ਸਿਰ ਤੋਂ ਸ਼ੁਰੂ ਕਰ ਕੇ ਇੱਕ-ਇੱਕ ਅੰਗ ਨੂੰ ਚੰਗੀ ਤਰ੍ਹਾਂ ਰਗੜਿਆ ਜਾਂਦਾ ਹੈ, ਜਿਸ ਨਾਲ ਵੱਧ ਤੋਂ ਵੱਧ ਖੂਨ ਚਮੜੀ ਤੱਕ ਪਹੁੰਚਦਾ ਹੈ, ਖੂਨ ਦੀਆਂ ਨਾੜੀਆਂ ਫੈਲਦੀਆਂ ਹਨ ਅਤੇ ਸਰੀਰ ਦੇ ਰੋਮ ਖੁੱਲ੍ਹ ਜਾਂਦੇ ਹਨ। ਸਰੀਰ ਅੰਦਰ ਮੌਜੂਦ ਜ਼ਹਿਰੀਲੇ ਤੱਤ ਪਸੀਨੇ ਦੇ ਰੂਪ ਵਿੱਚ ਬਾਹਰ ਨਿਕਲਦੇ ਹਨ। ਸਰੀਰ ਵਿੱਚ ਜੋਸ਼ ਅਤੇ ਫੁਰਤੀ ਆਉਂਦੀ ਹੈ, ਚਮੜੀ ਨਿਰੋਗ ਅਤੇ ਨਿਰਮਲ ਹੋ ਜਾਂਦੀ ਹੈ, ਖਾਂਸੀ-ਜ਼ੁਕਾਮ ਰੋਗ ਦੂਰ ਹੁੰਦੇ ਹਨ ਤੇ ਸਰੀਰ ਦੀ ਰੋਗ-ਪ੍ਰਤੀਰੋਧਕ ਸ਼ਕਤੀ ਵਿੱਚ ਵਾਧਾ ਹੁੰਦਾ ਹੈ। ਇਸ ਇਸ਼ਨਾਨ ਨੂੰ ਸਾਧਾਰਨ ਇਸ਼ਨਾਨ ਤੋਂ ਪਹਿਲਾਂ ਕਰਨਾ ਚਾਹੀਦਾ ਹੈ।

ਪੇਡੂ ਇਸ਼ਨਾਨ: ਪੇਡੂ ਇਸ਼ਨਾਨ (Hip Bath) ਲਈ ਇੱਕ ਟੱਬ  ਦੀ ਜ਼ਰੂਰਤ ਹੁੰਦੀ ਹੈ, ਜਿਸ ਵਿੱਚ ਇਸ ਤਰ੍ਹਾਂ ਬੈਠਿਆ ਜਾਂਦਾ ਹੈ ਕਿ ਪੈਰ ਟੱਬ ਤੋਂ ਬਾਹਰ ਇੱਕ ਲੱਕੜ ਦੀ ਚੌਕੀ ’ਤੇ ਅਤੇ ਸਰੀਰ ਦਾ ਬਾਕੀ ਹਿੱਸਾ ਟੱਬ ਵਿੱਚ ਰਹੇ। ਟੱਬ ਵਿੱਚ ਧੁੰਨੀ ਤੱਕ ਠੰਢਾ ਪਾਣੀ ਭਰ ਲਿਆ ਜਾਂਦਾ ਹੈ ਅਤੇ ਇੱਕ ਸੂਤੀ ਕੱਪੜੇ ਨਾਲ ਧੁੰਨੀ ਦੇ ਚਾਰੋਂ ਪਾਸੇ ਘੜੀ ਦੀ ਦਿਸ਼ਾ ਵਿੱਚ ਹੌਲੀ-ਹੌਲੀ ਰਗੜਿਆ ਜਾਂਦਾ ਹੈ। ਜੇਕਰ ਰੋਗੀ ਕਮਜ਼ੋਰ ਹੋਵੇ ਤਾਂ ਪੈਰ ਗਰਮ ਪਾਣੀ ਵਿੱਚ ਗਿੱਟਿਆਂ ਤੱਕ ਡੁਬੋਏ ਜਾ ਸਕਦੇ ਹਨ। ਇਸ ਇਸ਼ਨਾਨ ਨੂੰ 5 ਮਿੰਟ ਤੋਂ ਸ਼ੁਰੂ ਕਰ ਕੇ ਹੌਲੀ-ਹੌਲੀ 15-20 ਮਿੰਟ ਤੱਕ ਲਿਜਾਇਆ ਜਾ ਸਕਦਾ ਹੈ। ਇਸ ਨਾਲ ਪਾਚਨ ਤੰਤਰ ਦਰੁਸਤ ਹੁੰਦਾ ਹੈ ਅਤੇ ਜਿਗਰ, ਤਿੱਲੀ ਅਤੇ ਆਂਤੜੀਆਂ ਵਿੱਚ ਖੂਨ ਦਾ ਦੌਰਾ ਤੇਜ਼ ਹੁੰਦਾ ਹੈ। ਕਬਜ਼, ਸਿਰ ਦਰਦ, ਗੈਸ ਦੀ ਸਮੱਸਿਆ ਤੋਂ ਛੁਟਕਾਰਾ ਮਿਲਦਾ ਹੈ। ਇਸ ਤੋਂ ਇਲਾਵਾ ਇਹ ਬਵਾਸੀਰ, ਪੀਲੀਆ, ਮੋਟਾਪਾ, ਸ਼ੱਕਰ ਰੋਗ, ਪਿਸ਼ਾਬ ਸਬੰਧੀ ਰੋਗਾਂ, ਮਾਸਿਕ ਚੱਕਰ ਨਾਲ ਜੁੜੀਆਂ ਬਿਮਾਰੀਆਂ ਵਿੱਚ ਬਹੁਤ ਲਾਭਦਾਇਕ ਹੈ।

ਰੀੜ੍ਹ ਇਸ਼ਨਾਨ: ਰੀੜ੍ਹ ਇਸ਼ਨਾਨ (Spinal Bath)  ਇੱਕ ਟੱਬ ਦੀ ਮਦਦ ਨਾਲ ਹੀ ਲਿਆ ਜਾਂਦਾ ਹੈ, ਜਿਸ ਵਿੱਚ ਸਿਰਫ ਇੱਕ ਤੋਂ 2 ਇੰਚ ਤੱਕ ਹੀ ਠੰਢਾ ਪਾਣੀ ਭਰਿਆ ਜਾਂਦਾ ਹੈ। ਟੱਬ ਵਿੱਚ ਇਸ ਤਰ੍ਹਾਂ ਲੇਟਿਆ ਜਾਂਦਾ ਹੈ ਤਾਂ ਕਿ ਸਿਰ ਟੱਬ ਦੇ ਇੱਕ ਕਿਨਾਰੇ ’ਤੇ ਅਤੇ ਪੈਰ ਟੱਬ ਤੋਂ ਬਾਹਰ ਹੋਣ। ਇਸ ਇਸ਼ਨਾਨ ਨੂੰ 10-15 ਮਿੰਟ ਤੱਕ ਕੀਤਾ ਜਾ ਸਕਦਾ ਹੈ। ਇਸ ਨਾਲ ਅਨੀਂਦਰਾ, ਸਿਰ ਦਰਦ, ਮਾਈਗ੍ਰੇਨ, ਸਲਿਪ ਡਿਸਕ, ਡਿਪ੍ਰੈਸ਼ਨ, ਹਾਈ ਬਲੱਡ ਪ੍ਰੈਸ਼ਰ ਆਦਿ ਰੋਗਾਂ ਵਿੱਚ ਵਿਸ਼ੇਸ਼ ਲਾਭ ਮਿਲਦਾ ਹੈ।

ਭਾਫ਼ ਇਸ਼ਨਾਨ: ਭਾਫ਼ ਇਸ਼ਨਾਨ (Steam Bath) ਲੱਕੜ ਜਾਂ ਫਾਇਬਰ ਦੇ ਇੱਕ ਵਿਸ਼ੇਸ਼ ਕੈਬਿਨ, ਜਿਸ ਅੰਦਰ ਬੈਠਣ ਦੇ ਲਈ ਇੱਕ ਸਟੂਲ ਹੁੰਦਾ ਹੈ, ਦੀ ਮਦਦ ਨਾਲ ਕੀਤਾ ਜਾਂਦਾ ਹੈ। ਅੱਜ ਕਲ੍ਹ ਪੋਲਿਸਟਰ ਦੇ ਤਹਿ ਕਰ ਕੇ ਰੱਖੇ ਜਾ ਸਕਣ ਵਾਲੇ ਕੈਬਿਨ ਵੀ ਬਾਜ਼ਾਰ ਵਿੱਚ ਉਪਲਬਧ ਹਨ। ਕੈਬਿਨ ਵਿੱਚ ਇਸ ਤਰ੍ਹਾਂ ਬੈਠਿਆ ਜਾਂਦਾ ਹੈ ਕਿ ਵਿਅਕਤੀ ਦਾ ਸਿਰ ਕੈਬਿਨ ਤੋਂ ਬਾਹਰ ਰਹੇ। ਭਾਫ਼ ਇਸ਼ਨਾਨ ਲੈਣ ਤੋਂ ਪਹਿਲਾਂ ਵਿਅਕਤੀ ਨੂੰ 2-3 ਗਲਾਸ ਠੰਢੇ ਪਾਣੀ ਦੇ ਪੀ ਲੈਣੇ ਚਾਹੀਦੇ ਹਨ ਅਤੇ ਸਿਰ ਉੱਤੇ ਗਿੱਲਾ ਤੌਲੀਆ ਰੱਖ ਲੈਣਾ ਚਾਹੀਦਾ ਹੈ। ਗਰਮੀਆਂ ਵਿੱਚ 5 ਤੋਂ 10 ਮਿੰਟ ਅਤੇ ਸਰਦੀਆਂ ਵਿੱਚ 10 ਤੋਂ 20 ਮਿੰਟ ਤੱਕ ਇਹ ਇਸ਼ਨਾਨ ਕੀਤਾ ਜਾ ਸਕਦਾ ਹੈ। ਮੋਟਾਪਾ, ਗੁਰਦੇ ਸਬੰਧੀ ਰੋਗਾਂ, ਪੁਰਾਣੀ ਸਰਦੀ, ਚਮੜੀ ਦੇ ਰੋਗ, ਦਮਾ, ਗਠੀਆ, ਸਾਇਟਿਕਾ ਵਿੱਚ ਵਿਸ਼ੇਸ਼ ਲਾਭਦਾਇਕ ਹੈ।

ਧੁੱਪ ਇਸ਼ਨਾਨ: ਧੁੱਪ ਇਸ਼ਨਾਨ (Sun Bath) ਸਵੇਰ ਵੇਲੇ, ਜਦੋਂ ਸੂਰਜ ਦੀਆਂ ਕਿਰਨਾਂ ਹਲਕੀਆਂ ਹੁੰਦੀਆਂ ਹਨ, ਕੀਤਾ ਜਾਂਦਾ ਹੈ ਅਤੇ ਇਸ ਦੀ ਮਿਆਦ 15-30 ਮਿੰਟ ਤੱਕ ਰੱਖੀ ਜਾ ਸਕਦੀ ਹੈ। ਭਾਫ਼ ਇਸ਼ਨਾਨ ਦੀ ਤਰ੍ਹਾਂ ਹੀ ਧੁੱਪ ਇਸ਼ਨਾਨ ਤੋਂ ਪਹਿਲਾਂ ਵੀ ਵਿਅਕਤੀ ਨੂੰ 2-3 ਗਲਾਸ ਠੰਢੇ ਪਾਣੀ ਦੇ ਪੀ ਲੈਣੇ ਚਾਹੀਦੇ ਹਨ ਅਤੇ ਸਿਰ ਉੱਤੇ ਗਿੱਲਾ ਤੌਲੀਆ ਰੱਖ ਲੈਣਾ ਚਾਹੀਦਾ ਹੈ। ਮੋਟਾਪਾ, ਗਠੀਆ, ਦਮਾ, ਕੁਪੋਸ਼ਣ, ਅਪਚ ਅਤੇ ਚਮੜੀ ਦੇ ਰੋਗਾਂ ਵਿੱਚ ਧੁੱਪ ਇਸ਼ਨਾਨ ਬਹੁਤ ਲਾਭਕਾਰੀ ਹੈ। ਸਰੀਰ ਲਈ ਲੋੜੀਂਦੇ ਵਿਟਾਮਿਨ-ਡੀ ਦੀ ਕਮੀ ਕੁਝ ਮਿੰਟਾਂ ਦੇ ਧੁੱਪ ਇਸ਼ਨਾਨ ਨਾਲ ਹੀ ਪੂਰੀ ਹੋ ਜਾਂਦੀ ਹੈ।

ਵਾਯੂ ਇਸ਼ਨਾਨ: ਵਾਯੂ ਇਸ਼ਨਾਨ (Air Bath) ਰੋਜ਼ਾਨਾ 15-20 ਮਿੰਟ ਤੱਕ ਖੁੱਲ੍ਹੀ, ਤਾਜ਼ੀ ਹਵਾ ਵਿੱਚ ਕੀਤਾ ਜਾ ਸਕਦਾ ਹੈ। ਚਮੜੀ ਰਾਹੀਂ ਤਾਜ਼ੀ ਹਵਾ ਸਰੀਰ ਦੇ ਅੰਦਰ ਪ੍ਰਵੇਸ਼ ਕਰਦੀ ਹੈ ਅਤੇ ਅੰਦਰਲੇ ਸਾਰੇ ਅੰਗਾਂ ਨੂੰ ਊਰਜਾਵਾਨ ਕਰਦੀ ਹੈ। ਭੁੱਖ ਅਤੇ ਖੂਨ ਦਾ ਸੰਚਾਰ ਵਧਦਾ ਹੈ। ਮਾਸਪੇਸ਼ੀਆਂ ਤੰਦਰੁਸਤ ਅਤੇ ਮਜ਼ਬੂਤ ਹੁੰਦੀਆਂ ਹਨ, ਚੰਗੀ ਨੀਂਦ ਆਉਂਦੀ ਹੈ।

ਮਿੱਟੀ ਇਸ਼ਨਾਨ: ਮਿੱਟੀ ਇਸ਼ਨਾਨ (Mud Bath) ਸਾਫ਼-ਸੁਥਰੀ ਅਤੇ ਮਿਲਾਵਟ-ਰਹਿਤ ਮਹੀਨ ਮਿੱਟੀ ਨਾਲ ਕੀਤਾ ਜਾਂਦਾ ਹੈ। ਮਿੱਟੀ ਨੂੰ ਕਿਸੇ ਭਾਂਡੇ ਵਿੱਚ 7-8 ਘੰਟਿਆਂ ਲਈ (ਰਾਤ ਭਰ ਲਈ) ਭਿਉਂ ਕੇ ਰੱਖਿਆ ਜਾਂਦਾ ਹੈ ਅਤੇ ਸਵੇਰੇ 1-2 ਘੰਟੇ ਧੁੱਪ ਲੁਆ ਕੇ ਲੇਪ ਤਿਆਰ ਕਰ ਲਿਆ ਜਾਂਦਾ ਹੈ। ਇਸ ਤੋਂ ਬਾਅਦ ਇਸ ਲੇਪ ਨੂੰ ਪੂਰੇ ਸਰੀਰ ’ਤੇ ਮਲ ਕੇ ਧੁੱਪ ਵਿੱਚ 30-45 ਮਿੰਟ ਤੱਕ ਬੈਠਿਆ ਜਾਂਦਾ ਹੈ ਅਤੇ ਸੁੱਕ ਜਾਣ ਤੋਂ ਪਿਛੋਂ ਤਾਜ਼ੇ ਪਾਣੀ ਨਾਲ ਨਹਾ ਲਿਆ ਜਾਂਦਾ ਹੈ। ਇਹ ਕਬਜ਼, ਪਾਚਨ ਸਬੰਧੀ ਰੋਗਾਂ, ਸਿਰ ਦਰਦ, ਮਾਇਗ੍ਰੇਨ, ਤਣਾਅ, ਅਨੀਂਦਰਾ, ਹਾਈ ਬਲੱਡ ਪ੍ਰੈਸ਼ਰ, ਸ਼ੱਕਰ ਰੋਗ, ਆਦਿ ਵਿੱਚ ਬਹੁਤ ਹੀ ਗੁਣਕਾਰੀ ਹੈ।

ਗਰਮ ਪੈਰ ਇਸ਼ਨਾਨ: ਗਰਮ ਪੈਰ ਇਸ਼ਨਾਨ (Hot Foot Bath) ਲਈ ਵਿਅਕਤੀ ਇੱਕ ਕੁਰਸੀ ’ਤੇ ਬੈਠਕੇ ਆਪਣੇ ਪੈਰ ਸਹਿਣਯੋਗ ਗਰਮ ਪਾਣੀ ਨਾਲ ਭਰੀ ਬਾਲਟੀ ਵਿੱਚ ਰੱਖਦਾ ਹੈ। ਇਸ਼ਨਾਨ ਤੋਂ ਪਹਿਲਾਂ 2-3 ਗਲਾਸ ਠੰਢੇ ਪਾਣੀ ਦੇ ਪੀ ਲੈਣੇ ਚਾਹੀਦੇ ਹਨ। ਸਿਰ ਉੱਤੇ ਠੰਢਾ ਤੌਲੀਆ ਅਤੇ ਪਿੰਡੇ ’ਤੇ ਇੱਕ ਗਰਮ ਕੱਪੜਾ ਲਪੇਟ ਲੈਣਾ ਚਾਹੀਦਾ ਹੈ। ਇਹ ਇਸ਼ਨਾਨ 15-20 ਮਿੰਟ ਤੱਕ ਕੀਤਾ ਜਾ ਸਕਦਾ ਹੈ। ਇਸ ਨਾਲ ਅਨੀਂਦਰਾ, ਸਿਰ ਦਰਦ, ਜੋੜਾਂ ਦਾ ਦਰਦ, ਦਮਾ, ਸਾਇਟਿਕਾ, ਆਦਿ ਰੋਗਾਂ ਵਿੱਚ ਵਿਸ਼ੇਸ਼ ਲਾਭ ਮਿਲਦਾ ਹੈ।

ਉਪਰੋਕਤ ਸਾਰੇ ਇਸ਼ਨਾਨ ਸਰੀਰ ਵਿੱਚ ਜਮ੍ਹਾਂ ਜ਼ਹਿਰੀਲੇ ਤੱਤਾਂ ਨੂੰ ਪ੍ਰਭਾਵੀ ਢੰਗ ਨਾਲ ਬਾਹਰ ਕੱਢਣ ਵਿੱਚ ਮਦਦ ਕਰਦੇ ਹਨ ਤਾਂ ਕਿ ਵਿਅਕਤੀ ਨਿਰੋਗੀ ਰਹਿ ਸਕੇ। ਹਾਲਾਂਕਿ ਇਨ੍ਹਾਂ ਵਿਚੋਂ ਕਿਸੇ ਵੀ ਇਸ਼ਨਾਨ ਦਾ ਕੋਈ ਨੁਕਸਾਨ ਨਹੀਂ ਹੁੰਦਾ ਪਰ ਫਿਰ ਵੀ ਕਈ ਤਰ੍ਹਾਂ ਦੀਆਂ ਸਾਵਧਾਨੀਆਂ ਰੱਖਣੀਆਂ ਜ਼ਰੂਰੀ ਹੁੰਦੀਆਂ ਹਨ, ਜਿਸ ਲਈ ਉਚਿਤ ਨੇਚਰੋਪੈਥੀ ਮਾਹਿਰ ਦੀ ਸਲਾਹ ਲੈ ਲੈਣੀ ਚਾਹੀਦੀ ਹੈ।


ਸੰਜੀਵ ਕੁਮਾਰ ਸ਼ਰਮਾ
ਸੰਪਰਕ: 98147-11605

Punjabi Tribune - 12.02.2021