ਸਾਹਾਂ ਨਾਲ ਹੀ ਜ਼ਿੰਦਗੀ ਹੈ। ਸਾਹ ਖਤਮ ਤਾਂ ਜ਼ਿੰਦਗੀ ਖਤਮ। ਇਨ੍ਹਾਂ ਸਾਹਾਂ ਦੀ ਤੰਦ ਉਦੋਂ ਤੱਕ ਹੀ ਜੁੜੀ ਰਹਿੰਦੀ ਹੈ, ਜਦੋਂ ਤੱਕ ਸਰੀਰ ਨੂੰ ਲੋੜੀਂਦੀ ਮਾਤਰਾ ਵਿੱਚ ਆਕਸੀਜਨ-ਯੁਕਤ ਹਵਾ ਮਿਲਦੀ ਰਹਿੰਦੀ ਹੈ। ਜਿਥੇ ਭੋਜਨ ਤੋਂ ਬਿਨਾ ਅਸੀਂ ਤਿੰਨ ਹਫਤੇ ਅਤੇ ਪਾਣੀ ਤੋਂ ਬਿਨਾ ਤਿੰਨ ਦਿਨ ਤੱਕ ਜਿਉਂਦੇ ਰਹਿ ਸਕਦੇ ਹਾਂ, ਉਥੇ ਸਾਹਾਂ ਤੋਂ ਬਿਨਾ ਅਸੀਂ ਤਿੰਨ ਮਿੰਟ ਤੋਂ ਵੱਧ ਨਹੀਂ ਜਿਉਂਦੇ ਰਹਿ ਸਕਦੇ। ਗੁਰਬਾਣੀ ਅਨੁਸਾਰ ਇਸ ਸੰਸਾਰ ਦੀ ਰਚਨਾ ਵੇਲੇ ਉਸ ਪਰਮ ਪਿਤਾ ਪਰਮੇਸ਼ਵਰ ਨੇ ਸਭ ਤੋਂ ਪਹਿਲਾਂ ਹਵਾ ਨੂੰ ਹੀ ਪੈਦਾ ਕੀਤਾ ਸੀ। ਹਵਾ ਤੋਂ ਬਾਅਦ ਪਾਣੀ ਅਤੇ ਉਸ ਤੋਂ ਬਾਅਦ ਹੀ ਸਾਰੀ ਬਨਸਪਤੀ ਅਤੇ ਜੀਵ-ਜੰਤੂ ਪੈਦਾ ਕੀਤੇ (ਸਾਚੇ ਤੇ ਪਵਨਾ ਭਇਆ ਪਵਨੈ ਤੇ ਜਲੁ ਹੋਇ ॥ ਜਲ ਤੇ ਤ੍ਰਿਭਵਣੁ ਸਾਜਿਆ ਘਟਿ ਘਟਿ ਜੋਤਿ ਸਮੋਇ॥ ਸ੍ਰੀ ਗੁਰੂ ਗ੍ਰੰਥ ਸਾਹਿਬ ਪੰਨਾ 19)।
ਕੁਦਰਤ ਨੇ ਸਾਡੇ ਵਾਤਾਵਰਣ ਵਿੱਚ ਹਵਾ ਦਾ ਬੇਅੰਤ ਭੰਡਾਰ ਲਾਇਆ ਹੋਇਆ ਹੈ ਜਿਸਦਾ ਤਕਰੀਬਨ 21% ਹਿੱਸਾ ਆਕਸੀਜਨ ਹੈ। ਸਰੀਰ ਦੇ ਸਾਰੇ ਅੰਗਾਂ ਨੂੰ ਸੁਚਾਰੂ ਢੰਗ ਨਾਲ ਕੰਮ ਕਰਨ ਲਈ ਆਕਸੀਜਨ ਦੀ ਲੋੜ ਹੁੰਦੀ ਹੈ, ਜਿਹੜੀ ਸਾਹ ਰਾਹੀਂ ਸਾਡੇ ਫੇਫੜਿਆਂ ਵਿੱਚ ਪਹੁੰਚਦੀ ਹੈ। ਫੇਫੜੇ ਇਸ ਆਕਸੀਜਨ ਨੂੰ ਖੂਨ ਵਿੱਚ ਮਿਲਾਉਣ ਦਾ ਕੰਮ ਕਰਦੇ ਹਨ ਜਿਥੋਂ ਆਕਸੀਜਨ-ਯੁਕਤ ਖੂਨ ਸਰੀਰ ਦੇ ਵੱਖ-ਵੱਖ ਹਿੱਸਿਆਂ ਵਿੱਚ ਪਹੁੰਚਦਾ ਹੈ। ਖੂਨ ਵਿਚਲੀ ਕਾਰਬਨ ਡਾਇਆਕਸਾਇਡ ਵੀ ਫੇਫੜਿਆਂ ਰਾਹੀਂ ਹੀ ਸਾਹ ਦੁਆਰਾ ਬਾਹਰ ਕੱਢੀ ਜਾਂਦੀ ਹੈ। ਜਿਸ ਤਰ੍ਹਾਂ ਗੱਡੀ ਨੂੰ ਚਲਾਉਣ ਲਈ ਪੈਟਰੋਲ/ਡੀਜ਼ਲ ਦੀ ਲੋੜ ਪੈਂਦੀ ਹੈ, ਉਸੇ ਤਰ੍ਹਾਂ ਆਕਸੀਜਨ ਸਾਡੇ ਸਰੀਰ ਵਿੱਚ ਬਾਲਣ ਦਾ ਕੰਮ ਕਰਦੀ ਹੈ। ਇਸ ਕਰਕੇ ਜਿੰਨੇ ਸੁਚਾਰੂ ਢੰਗ ਨਾਲ ਸਾਡੇ ਫੇਫੜੇ ਕੰਮ ਕਰਨਗੇ, ਓਨਾ ਵਧੀਆ ਖੂਨ ਵਿੱਚ ਆਕਸੀਜਨ ਦਾ ਪੱਧਰ ਰਹੇਗਾ ਅਤੇ ਓਨੇ ਹੀ ਵਧੀਆ ਢੰਗ ਨਾਲ ਸਰੀਰ ਦੇ ਬਾਕੀ ਅੰਗ ਕੰਮ ਕਰਨਗੇ। ਲੇਕਿਨ ਜੇਕਰ ਖੂਨ ਵਿੱਚ ਆਕਸੀਜਨ ਦਾ ਪੱਧਰ ਘੱਟ ਰਹੇਗਾ, ਤਾਂ ਇਸ ਦਾ ਅਸਰ ਬਾਕੀ ਅੰਗਾਂ ‘ਤੇ ਵੀ ਪਵੇਗਾ ਜਿਹੜਾ ਕਿ ਜਾਨਲੇਵਾ ਹੋ ਸਕਦਾ ਹੈ।
ਖੂਨ ਵਿੱਚ ਆਕਸੀਜਨ ਦੇ ਪੱਧਰ ਦੀ ਜਾਂਚ ਆਕਸੀਮੀਟਰ ਦੀ ਵਰਤੋਂ ਨਾਲ ਹੁੰਦੀ ਹੈ। ਏਮਜ਼ ਹਸਪਤਾਲ (AIIMS), ਨਵੀਂ ਦਿੱਲੀ ਦੇ ਡਾਇਰੈਕਟਰ ਡਾਕਟਰ ਰਣਦੀਪ ਗੁਲੇਰੀਆ ਅਨੁਸਾਰ 94% ਜਾਂ ਇਸ ਤੋਂ ਉੱਪਰ ਦਾ ਆਕਸੀਜਨ ਪੱਧਰ ਬਿਲਕੁਲ ਠੀਕ ਹੈ ਜਦਕਿ 90% ਤੋਂ ਹੇਠਾਂ ਨੂੰ ਗੰਭੀਰ ਮੰਨਿਆ ਜਾਣਾ ਚਾਹੀਦਾ ਹੈ ਅਤੇ ਮਰੀਜ ਨੂੰ ਹਸਪਤਾਲ ਦਾਖਿਲ ਹੋਣਾ ਚਾਹੀਦਾ ਹੈ ਜਿਥੇ ਉਸ ਨੂੰ ਮੈਡੀਕਲ ਆਕਸੀਜਨ ਦੀ ਲੋੜ ਪੈ ਸਕਦੀ ਹੈ। ਉਨ੍ਹਾਂ ਅਨੁਸਾਰ ਜੇਕਰ ਆਕਸੀਜਨ ਦਾ ਪੱਧਰ 94% ਤੋਂ ਹੇਠਾਂ ਪਰ 90% ਤੋਂ ਉੱਪਰ ਹੈ, ਤਾਂ ਮਰੀਜ ਨੂੰ ਆਪਣੇ ਡਾਕਟਰ ਨਾਲ ਸਲਾਹ ਕਰਦੇ ਰਹਿਣਾ ਚਾਹੀਦਾ ਹੈ ਅਤੇ ਘਬਰਾਹਟ ਦੇ ਵਿੱਚ ਇਧਰ-ਉਧਰ ਨਹੀਂ ਭਜਣਾ ਚਾਹੀਦਾ, ਕਿਉਂਕਿ ਜ਼ਿਆਦਾਤਰ ਮਰੀਜਾਂ ਵਿੱਚ ਇਹ ਸਥਿਤੀ ਕੁਝ ਚਿਰ ਵਿੱਚ ਹੀ ਠੀਕ ਹੋ ਜਾਂਦੀ ਹੈ।
ਇਥੇ ਇਹ ਦੱਸਣਾ ਜ਼ਰੂਰੀ ਹੈ ਕਿ ਇੱਕ ਆਮ ਇਨਸਾਨ ਇੱਕ ਸਾਹ ਵਿੱਚ ਤਕਰੀਬਨ ਅੱਧਾ ਲੀਟਰ ਹਵਾ ਲੈਂਦਾ ਹੈ, ਭਾਵ ਆਪਣੇ ਫੇਫੜਿਆਂ ਦੀ ਕੁੱਲ ਸਮਰੱਥਾ ਦਾ 15-20% ਹੀ ਇਸਤੇਮਾਲ ਕਰਦਾ ਹੈ, ਜਦਕਿ ਠੀਕ ਢੰਗ ਨਾਲ ਸਾਹ ਲੈਕੇ ਅਤੇ ਯੋਗ ਜੀਵਨਸ਼ੈਲੀ ਅਪਣਾ ਕੇ ਇਸ ਸਮਰੱਥਾ ਨੂੰ 70-75 ਫੀਸਦੀ ਤੱਕ ਵਧਾਇਆ ਜਾ ਸਕਦਾ ਹੈ ਜਿਸ ਨਾਲ ਲੰਮਾ ਅਤੇ ਨਿਰੋਗ ਜੀਵਨ ਜੀਵਿਆ ਜਾ ਸਕਦਾ ਹੈ। ਹੇਠ ਲਿਖੀਆਂ ਗੱਲਾਂ ਵੱਲ ਧਿਆਨ ਦੇ ਕੇ ਅਸੀਂ ਫੇਫੜਿਆਂ ਦੀ ਕਾਰਜ-ਸ਼ਕਤੀ ਨੂੰ ਵਧਾ ਸਕਦੇ ਹਾਂ ਅਤੇ ਮੈਡੀਕਲ ਆਕਸੀਜਨ ਦੀ ਲੋੜ ਨੂੰ ਕਾਫੀ ਹੱਦ ਤੱਕ ਘਟਾ ਸਕਦੇ ਹਾਂ ਜਾਂ ਖਤਮ ਕਰ ਸਕਦੇ ਹਾਂ:
ਪ੍ਰਾਣਾਯਾਮ: ਫੇਫੜਿਆਂ ਨੂੰ ਮਜ਼ਬੂਤ ਕਰਨ, ਸਾਹ-ਪ੍ਰਣਾਲੀ ਨੂੰ ਦਰੁਸਤ ਕਰਨ ਅਤੇ ਆਕਸੀਜਨ ਦੇ ਪੱਧਰ ਵਿੱਚ ਸੁਧਾਰ ਲਿਆਉਣ ਲਈ ਕਪਾਲ ਭਾਤੀ, ਭਸਤ੍ਰਿਕਾ ਅਤੇ ਅਨੁਲੋਮ-ਵਿਲੋਮ ਪ੍ਰਾਣਾਯਾਮ ਦਾ ਬਹੁਤ ਮਹੱਤਵ ਹੈ। ਇਨ੍ਹਾਂ ਕਿਰਿਆਵਾਂ ਨੂੰ ਕਰਨ ਨਾਲ ਨਾ ਸਿਰਫ ਫੇਫੜਿਆਂ ਅਤੇ ਸਾਹ-ਪ੍ਰਣਾਲੀ ਦੇ ਵਿਕਾਰ ਦੂਰ ਹੁੰਦੇ ਹਨ, ਬਲਕਿ ਜਿਗਰ, ਗੁਰਦੇ ਅਤੇ ਪੇਟ ਸੰਬੰਧੀ ਸਮੱਸਿਆਵਾਂ ਵੀ ਦੂਰ ਹੁੰਦੀਆਂ ਹਨ। ਸਰੀਰ ਵਿੱਚ ਲਹੂ ਦਾ ਸੰਚਾਰ ਸਹੀ ਹੁੰਦਾ ਹੈ, ਨੀਂਦ ਵਧੀਆ ਆਉਂਦੀ ਹੈ, ਯਾਦਾਸ਼ਤ ਤੇਜ਼ ਹੁੰਦੀ ਹੈ ਅਤੇ ਸਰੀਰ ਵਿੱਚ ਊਰਜਾ ਦਾ ਪਰਵਾਹ ਹੁੰਦਾ ਹੈ।ਸੈਲਫ-ਪ੍ਰੋਨਿੰਗ ਤਕਨੀਕ: ਸਾਹ ਲੈਣ ’ਚ ਤਕਲੀਫ ਹੋਣ ਜਾਂ ਆਕਸੀਜਨ ਪੱਧਰ ਦੇ ਘੱਟ ਹੋਣ ’ਤੇ ਸੈਲਫ-ਪ੍ਰੋਨਿੰਗ ਤਕਨੀਕ ਬਹੁਤ ਕਾਰਗਰ ਹੈ। ਇਸ ਵਿੱਚ ਵਿਅਕਤੀ ਬਿਸਤਰੇ ’ਤੇ ਕੁਝ ਸਿਰਹਾਣਿਆਂ ਦੀ ਮਦਦ ਨਾਲ ਮੂਧਾ ਲੰਮਾ ਪੈ ਕੇ ਲੰਬੇ-ਲੰਬੇ ਸਾਹ ਲੈਂਦਾ ਹੈ। ਇੱਕ ਸਿਰਹਾਣਾ ਲੱਤਾਂ ਦੇ ਹੇਠਲੇ ਹਿੱਸੇ ਥੱਲੇ, ਦੋ-ਤਿੰਨ-ਚਾਰ ਸਿਰਹਾਣੇ ਪੇਡੂ ਥੱਲੇ ਅਤੇ ਇੱਕ ਸਿਰਹਾਣਾ ਛਾਤੀ ਦੇ ਉੱਪਰਲੇ ਹਿੱਸੇ ਥੱਲੇ ਰੱਖਣਾ ਹੈ। ਪੇਡੂ ਥੱਲੇ ਸਿਰਹਾਣਿਆਂ ਦੀ ਗਿਣਤੀ ਏਨੀ ਕੁ ਹੋਣੀ ਚਾਹੀਦੀ ਹੈ ਜਿਸ ਨਾਲ ਪੇਟ ਬਿਸਤਰੇ ਨੂੰ ਨਾ ਛੂਹੇ। ਇਸ ਨਾਲ ਸਰੀਰ ਦੇ ਆਕਸੀਜਨ ਲੈਵਲ 'ਚ ਵਾਧਾ ਹੋਵੇਗਾ ਕਿਉਂਕਿ ਇਸ ਸਥਿਤੀ ਵਿੱਚ ਫੇਫੜਿਆਂ ਦੀ ਸਮਰੱਥਾ ਵੱਧ ਜਾਂਦੀ ਹੈ। ਕਿਸੇ ਵੀ ਵਿਅਕਤੀ ਦਾ ਜੇ ਆਕਸੀਜਨ ਲੈਵਲ 94 ਤੋਂ ਥੱਲੇ ਹੈ ਤਾਂ ਉਸ ਨੂੰ ਦਿਨ ’ਚ ਪੰਜ ਤੋਂ ਛੇ ਵਾਰ 25 ਤੋਂ 30 ਮਿੰਟ ਲਈ ਇਸ ਤਰ੍ਹਾਂ ਕਰਨਾ ਚਾਹੀਦਾ ਹੈ।ਐਕਯੂਪ੍ਰੈਸ਼ਰ ਬਿੰਦੂ: LU4 ਬਿੰਦੂ ਨੂੰ ਸਰੀਰ ਦਾ ‘ਆਕਸੀਜਨ ਬਿੰਦੂ’ ਵੀ ਕਿਹਾ ਜਾਂਦਾ ਹੈ। ਸਰੀਰ ਵਿੱਚ ਆਕਸੀਜਨ ਦੇ ਪੱਧਰ ਨੂੰ ਵਧਾਉਣ ਲਈ ਇਸ ਬਿੰਦੂ ਨੂੰ ਲਗਾਤਾਰ 10 ਵਾਰ ਦਬਾਓ। ਇਹ ਬਿੰਦੂ ਦੋਹਾਂ ਬਾਹਾਂ 'ਤੇ ਸਥਿਤ ਹੈ। ਇਸ ਕਿਰਿਆ ਨੂੰ ਦਿਨ ਵਿੱਚ ਕਈ ਵਾਰ ਥੋੜ੍ਹੀ-ਥੋੜ੍ਹੀ ਦੇਰ ਬਾਅਦ ਦੁਹਰਾਓ, ਵਿਸ਼ੇਸ਼ ਤੌਰ ‘ਤੇ ਉਦੋਂ ਜਦੋਂ ਕਿਸੇ ਨੂੰ ਮੈਡੀਕਲ ਆਕਸੀਜਨ ਦੀ ਲੋੜ ਮਹਿਸੂਸ ਹੁੰਦੀ ਹੈ, ਤਾਂ ਹਸਪਤਾਲ ਜਾਣ ਅਤੇ ਆਕਸੀਜਨ ਮਿਲਣ ਤੱਕ ਇਸ ਬਿੰਦੂ ਨੂੰ ਜ਼ਰੂਰ ਦਬਾਓ। ਇਸੇ ਤਰ੍ਹਾਂ LU3 ਵੀ ਇੱਕ ਮਹੱਤਵਪੂਰਣ ਬਿੰਦੂ ਹੈ ਜਿਸਨੂੰ ‘ਦੈਵੀ ਮਹਿਲ’ ਬਿੰਦੂ ਵੀ ਕਿਹਾ ਜਾਂਦਾ ਹੈ। ਇਹ ਬਿੰਦੂ ਫੇਫੜਿਆਂ ਦੀ ਸਫਾਈ ਕਰਦਾ ਹੈ। ਖਾਂਸੀ, ਦਮਾ, ਬ੍ਰੋਨਕਾਇਟਿਸ, ਸਾਹ ਚੜ੍ਹਨ ’ਤੇ, ਛਾਤੀ ਵਿੱਚ ਸਾਂ-ਸਾਂ (ਘਰਰ-ਘਰਰ) ਹੋਣ ‘ਤੇ ਅਤੇ ਨਿਮੋਨਿਆ ਦੀ ਹਾਲਤ ਵਿੱਚ ਮਦਦ ਕਰਦਾ ਹੈ। ਇਸ ਬਿੰਦੂ ‘ਤੇ ਵੀ ਇਲਾਜ LU4 ਬਿੰਦੂ ਦੀ ਤਰ੍ਹਾਂ ਹੀ ਕਰਨਾ ਹੈ।
ਚੰਗੀ ਮਾਤਰਾ ਵਿੱਚ ਸਿਹਤਮੰਦ ਤਰਲ ਪਦਾਰਥਾਂ ਦੀ ਵਰਤੋਂ: ਚੰਗੀ ਮਾਤਰਾ ਵਿੱਚ ਪਾਣੀ ਅਤੇ ਸਿਹਤਮੰਦ ਤਰਲ ਪਦਾਰਥ ਜਿਵੇਂ ਕਿ ਤਾਜ਼ੇ ਫਲਾਂ ਦਾ ਰਸ, ਸਬਜ਼ੀਆਂ ਦਾ ਸੂਪ, ਆਦਿ ਸਰੀਰ ਵਿੱਚ ਪਾਣੀ ਦਾ ਸੰਤੁਲਨ ਬਣਾ ਕੇ ਰੱਖਦੇ ਹਨ (ਸਾਨੂੰ ਹਾਇਡ੍ਰੇਟਿਡ ਰੱਖਦੇ ਹਨ) ਜਿਸ ਕਰਕੇ ਖੂਨ ਦਾ ਸੰਚਾਰ ਸਹੀ ਹੁੰਦਾ ਹੈ ਅਤੇ ਆਕਸੀਜਨ ਤੇ ਦੂਜੇ ਪੋਸ਼ਕ ਤੱਤ (ਵਿਟਾਮਿਨ, ਖਣਿਜ, ਆਦਿ) ਸਰੀਰ ਦੇ ਹਰੇਕ ਹਿੱਸੇ ਤੱਕ ਸਹੀ ਮਾਤਰਾ ਵਿੱਚ ਪਹੁੰਚਦੇ ਹਨ ਅਤੇ ਸਾਨੂੰ ਤੰਦਰੁਸਤ ਰਖਦੇ ਹਨ। ਇਸ ਦੇ ਉਲਟ ਚਾਹ, ਕਾਫੀ, ਸ਼ਰਾਬ, ਸੋਡਾ, ਡੱਬਾਬੰਦ ਜੂਸ, ਕੋਲਡ ਡ੍ਰਿੰਕ ਆਦਿ ਮੂਤਰ-ਵਰਧਕ (ਡਾਇਯੂਰੈਟਿਕ) ਦਾ ਕੰਮ ਕਰਦੇ ਹਨ ਜਿਸ ਕਰਕੇ ਸਰੀਰ ਵਿਚੋਂ ਵਾਧੂ ਮਾਤਰਾ ਵਿੱਚ ਪਾਣੀ ਬਾਹਰ ਨਿਕਲਦਾ ਹੈ ਅਤੇ ਡੀ-ਹਾਇਡ੍ਰੇਸ਼ਨ ਹੁੰਦੀ ਹੈ।
ਰਸੋਈ/ਘਰ ਦੀ ਬਗੀਚੀ ਵਿੱਚ ਮੌਜੂਦ ਔਸ਼ਧੀਆਂ ਦੀ ਵਰਤੋਂ: ਆਯੁਰਵੇਦ ਦੇ ਅਨੁਸਾਰ ਰਸੋਈ/ਘਰ ਦੀ ਬਗੀਚੀ ਵਿੱਚ ਮੌਜੂਦ ਔਸ਼ਧੀਆਂ ਦੀ ਵਰਤੋਂ ਕਰਕੇ ਅਸੀਂ ਸਾਹ-ਪ੍ਰਣਾਲੀ ਨੂੰ ਦਰੁਸਤ ਕਰ ਸਕਦੇ ਹਨ ਜਿਵੇਂ ਕਿ ਹਲਦੀ ਵਾਲਾ ਪਾਣੀ ਜਾਂ ਦੁੱਧ ਸਾਹ ਦੀ ਨਲੀ ਵਿੱਚ ਆਈ ਸੋਜ਼ਿਸ਼ ਨੂੰ ਘੱਟ ਕਰਦਾ ਹੈ। ਇਸ ਵਿੱਚ ਮੌਜੂਦ ਕਰਕਯੂਮਿਨ ਫੇਫੜਿਆਂ ਨੂੰ ਮਜ਼ਬੂਤ ਅਤੇ ਸਿਹਤਮੰਦ ਬਣਾਉਂਦਾ ਹੈ। ਇਸੇ ਤਰ੍ਹਾਂ ਪੁਦੀਨਾ ਵੀ ਸਾਹ ਨਾਲ ਜੁੜੀਆਂ ਸਮੱਸਿਆਵਾਂ ਨੂੰ ਦਰੁਸਤ ਕਰਦਾ ਹੈ। ਇਹ ਰੇਸ਼ੇ ਨੂੰ ਬਾਹਰ ਕੱਢਣ, ਗਲੇ ਦੀ ਖ਼ਰਾਸ਼ ਅਤੇ ਸਾਹ-ਪ੍ਰਣਾਲੀ ਵਿੱਚ ਆਈਆਂ ਦਿੱਕਤਾਂ ਨੂੰ ਦੂਰ ਕਰਦਾ ਹੈ। ਅਦਰਕ ਵੀ ਆਪਣੇ ਸੋਜ਼ਿਸ਼-ਵਿਰੋਧੀ (anti-inflammatory) ਗੁਣਾਂ ਕਰਕੇ ਆਮ ਖਾਂਸੀ-ਜ਼ੁਕਾਮ ਵਿੱਚ ਲਾਭ ਪਹੁੰਚਾਉਂਦਾ ਹੈ ਅਤੇ ਸਾਹ ਦੀ ਨਲੀ ਵਿੱਚ ਮੌਜੂਦ ਜ਼ਹਿਰੀਲੇ ਤੱਤਾਂ ਨੂੰ ਬਾਹਰ ਕੱਢ ਕੇ ਰੋਗ-ਪ੍ਰਤੀਰੋਧਕ ਸ਼ਕਤੀ ਨੂੰ ਵਧਾਉਂਦਾ ਹੈ। ਇਸੇ ਤਰ੍ਹਾਂ ਸ਼ਹਿਦ ਵੀ ਫੇਫੜਿਆਂ ਅਤੇ ਸਾਹ-ਪ੍ਰਣਾਲੀ ਦੇ ਰੋਗਾਂ ਵਿੱਚ ਵਿਸ਼ੇਸ਼ ਲਾਭਕਾਰੀ ਹੈ। ਇਹ ਬਲਗਮ ਨੂੰ ਬਾਹਰ ਕੱਢਣ ਅਤੇ ਫੇਫੜਿਆਂ ਵਿੱਚ ਆਈ ਸੋਜ਼ਿਸ਼ ਨੂੰ ਘੱਟ ਕਰਦਾ ਹੈ। ਤੁਲਸੀ ਦੇ ਪੱਤਿਆਂ ਦਾ ਰਸ ਸ਼ਹਿਦ ਅਤੇ ਅਦਰਕ ਦੇ ਰਸ ਵਿੱਚ ਮਿਲਾ ਕੇ ਲੈਣ ਨਾਲ ਬ੍ਰੋਨਕਾਇਟਿਸ, ਦਮਾ, ਖਾਂਸੀ, ਛਾਤੀ ਦੀ ਜਕੜਨ ਆਦਿ ਰੋਗਾਂ ਵਿੱਚ ਵਿਸ਼ੇਸ਼ ਲਾਭ ਮਿਲਦਾ ਹੈ।
ਨਿਰੰਤਰ ਨਿਯੰਤ੍ਰਿਤ ਭੋਜਨ: ਸਾਦਾ ਅਤੇ ਪੌਸ਼ਟਿਕ ਭੋਜਨ ਚੰਗੀ ਸਿਹਤ ਲਈ ਵਰਦਾਨ ਹੈ। ਮਨੁੱਖ ਨੂੰ ਬਹੁਤੀਆਂ ਬਿਮਾਰੀਆਂ ਗਲਤ ਖਾਣ-ਪੀਣ ਜਾਂ ਲੋੜ ਤੋਂ ਵੱਧ ਖਾਣ ਨਾਲ ਹੀ ਹੁੰਦੀਆਂ ਹਨ। ਲੋੜ ਤੋਂ ਵੱਧ ਖਾਣ ਨਾਲ ਡਾਇਆਫ੍ਰਾਮ (ਪੇਟ ਅਤੇ ਛਾਤੀ ਦੇ ਵਿਚਕਾਰ ਸਥਿਤ ਝਿੱਲੀ) ‘ਤੇ ਭਾਰ ਪੈਂਦਾ ਹੈ ਜਿਸ ਕਾਰਣ ਫੇਫੜਿਆਂ ਵਿੱਚ ਪੂਰੀ ਆਕਸੀਜਨ ਨਹੀਂ ਭਰ ਸਕਦੀ ਅਤੇ ਸਾਹ ਲੈਣ ਵਿੱਚ ਦਿੱਕਤ ਹੁੰਦੀ ਹੈ। ਇਸੇ ਤਰ੍ਹਾਂ ਤਲੇ ਅਤੇ ਭਾਰੇ ਭੋਜਨ, ਜਿਹੜੇ ਕਬਜ਼, ਗੈਸ ਅਤੇ ਐਸੀਡਿਟੀ ਦਾ ਕਾਰਣ ਬਣਦੇ ਹਨ, ਪੇਟ ਵਿੱਚ ਅਫਾਰਾ ਪੈਦਾ ਕਰਦੇ ਹਨ ਅਤੇ ਡਾਇਆਫ੍ਰਾਮ ਨੂੰ ਉੱਪਰ ਵੱਲ ਨੂੰ ਧਕਦੇ ਹਨ ਅਤੇ ਸਾਹ ਨਾਲ ਜੁੜੀਆਂ ਦਿੱਕਤਾਂ ਪੈਦਾ ਕਰਦੇ ਹਨ।
ਵਿਟਾਮਿਨ ਏ, ਸੀ ਅਤੇ ਡੀ: ਫੇਫੜਿਆਂ ਨੂੰ ਤੰਦਰੁਸਤ ਰੱਖਣ ਵਿੱਚ ਵਿਟਾਮਿਨਾਂ ਦਾ ਬਹੁਤ ਵੱਡਾ ਯੋਗਦਾਨ ਹੈ ਵਿਸ਼ੇਸ਼ ਕਰ ਕੇ ਵਿਟਾਮਿਨ ਏ, ਸੀ ਅਤੇ ਡੀ। ਵਿਟਾਮਿਨ ਏ ਫੇਫੜਿਆਂ ਦੇ ਤੰਤੂਆਂ ਦੀ ਮੁਰੰਮਤ ਦਾ ਕੰਮ ਕਰਦਾ ਹੈ ਅਤੇ ਸਰੀਰ ਦੀ ਰੋਗ-ਪ੍ਰਤੀਰੋਧਕ ਸ਼ਕਤੀ ਨੂੰ ਵਧਾਉਂਦਾ ਹੈ। ਦੁੱਧ ਅਤੇ ਦੁੱਧ ਤੋਂ ਬਣੇ ਪਦਾਰਥ, ਮੱਛੀ, ਗਾਜਰਾਂ, ਖ਼ਰਬੂਜਾ ਆਦਿ ਵਿਟਾਮਿਨ ਏ ਦੇ ਚੰਗੇ ਸਰੋਤ ਹਨ। ਵਿਟਾਮਿਨ ਸੀ ਫੇਫੜਿਆਂ 'ਚੋਂ ਪ੍ਰਦੂਸ਼ਣ ਜਾਂ ਸਿਗਰਟ ਪੀਣ ਨਾਲ ਪੈਦਾ ਹੋਏ ਜ਼ਹਿਰੀਲੇ ਪਦਾਰਥਾਂ ਨੂੰ ਬਾਹਰ ਕੱਢਦਾ ਹੈ, ਫੇਫੜਿਆਂ ਦੇ ਅਤੇ ਸਰੀਰ ਦੇ ਸੈੱਲਾਂ ਦੀ ਮੁਰੰਮਤ ਦਾ ਕੰਮ ਕਰਦਾ ਹੈ ਅਤੇ ਸਰੀਰ ਦੀ ਰੋਗ-ਪ੍ਰਤੀਰੋਧਕ ਸ਼ਕਤੀ ਨੂੰ ਵਧਾਉਂਦਾ ਹੈ। ਵਿਟਾਮਿਨ ਸੀ ਦੀ ਪੂਰਤੀ ਖੱਟੇ ਫਲਾਂ, ਅਮਰੂਦ, ਅੰਬ, ਆਦਿ ਤੋਂ ਹੁੰਦੀ ਹੈ। ਇਸੇ ਤਰ੍ਹਾਂ ਵਿਟਾਮਿਨ ਡੀ ਨਾ ਸਿਰਫ ਸਰੀਰ ਵਿਚ ਹੱਡੀਆਂ, ਮਾਸਪੇਸ਼ੀਆਂ ਨੂੰ ਮਜ਼ਬੂਤ ਬਣਾਉਣ ਜਾਂ ਸਰੀਰ ਦੀ ਰੋਗ-ਪ੍ਰਤਿਰੋਧਕ ਸ਼ਕਤੀ ਨੂੰ ਵਧਾਉਣ ਲਈ ਜ਼ਰੂਰੀ ਹੈ, ਬਲਕਿ ਫੇਫੜਿਆਂ ਦੀ ਸੁਰੱਖਿਆ ਲਈ ਇਹ ਇੱਕ ਰੱਖਿਆ-ਕਵਚ ਦੀ ਤਰ੍ਹਾਂ ਕੰਮ ਕਰਦਾ ਹੈ। ਸਰੀਰ ਵਿੱਚ ਵਿਟਾਮਿਨ ਡੀ ਦੀ ਲੋੜੀਂਦੀ ਮਾਤਰਾ ਸਾਧਾਰਣ ਜ਼ੁਕਾਮ, ਫਲੂ ਆਦਿ ਰੋਗਾਂ ਤੋਂ ਬਚਾਉਣ ਤੋਂ ਇਲਾਵਾ ਫੇਫੜਿਆਂ ਦੇ ਗੰਭੀਰ ਰੋਗਾਂ ਜਿਵੇਂ ਬ੍ਰੋਨਕਾਇਟਿਸ, ਦਮਾ, ਨਿਮੋਨਿਆ ਅਤੇ ਮੌਜੂਦਾ ਕੋਰੋਨਾ ਬਿਮਾਰੀ ਨੂੰ ਵੀ ਮਾਰੂ ਹੋਣ ਤੋਂ ਰੋਕਦੀ ਹੈ। ਧੁੱਪ ਵਿਟਾਮਿਨ-ਡੀ ਦੀ ਪੂਰਤੀ ਦਾ ਇੱਕ ਵੱਡਾ ਸਰੋਤ ਹੈ। ਇਸ ਤੋਂ ਇਲਾਵਾ ਦੁੱਧ ਅਤੇ ਦੁੱਧ ਤੋਂ ਬਣੇ ਪਦਾਰਥਾਂ, ਅੰਡਾ, ਮੱਛੀ, ਖੁੰਬਾਂ, ਆਦਿ ਵਿਟਾਮਿਨ ਡੀ ਦੇ ਚੰਗੇ ਸਰੋਤ ਹਨ।
ਸਾਫ-ਸੁਥਰਾ ਵਾਤਾਵਰਣ: ਆਕਸੀਜਨ ਦੇ ਲੋੜੀਂਦੇ ਪੱਧਰ ਨੂੰ ਕਾਇਮ ਰੱਖਣ ਵਿੱਚ ਵਾਤਾਵਰਣ ਦਾ ਬਹੁਤ ਵੱਡਾ ਯੋਗਦਾਨ ਹੈ। ਰੁੱਖ ਨਾ ਸਿਰਫ ਸਾਨੂੰ ਸਾਹ ਲੈਣ ਲਈ ਆਕਸੀਜਨ ਦਿੰਦੇ ਹਨ, ਬਲਕਿ ਸਾਡੇ ਸਰੀਰ ਵਿਚੋਂ ਨਿਕਲੀ ਹੋਈ ਕਾਰਬਨ-ਡਾਇਕਸਾਈਡ ਅਤੇ ਹੋਰ ਗੈਸਾਂ ਨੂੰ ਸੋਖਦੇ ਹਨ ਅਤੇ ਵਾਤਾਵਰਣ ਨੂੰ ਸਾਫ ਰੱਖਦੇ ਹਨ। ਇਸ ਕਰਕੇ ਰੁੱਖਾਂ ਦਾ ਵੱਧ ਤੋਂ ਵੱਧ ਰੋਪਣ ਕਰਨਾ ਚਾਹੀਦਾ ਹੈ। ਇਸ ਤੋਂ ਇਲਾਵਾ ਘਰ ਵਿੱਚ ਪੂਰੀ ਵੈਂਟੀਲੇਸ਼ਨ ਹੋਣੀ ਚਾਹੀਦੀ ਹੈ ਤਾਂਕਿ ਸਾਫ-ਸੁਥਰੀ ਅਤੇ ਤਾਜ਼ੀ ਹਵਾ ਘਰ ਅੰਦਰ ਦਾਖਿਲ ਹੁੰਦੀ ਰਹੇ। ਹਵਾ ਜਿੰਨੀ ਸਾਫ-ਸੁਥਰੀ ਹੋਵੇਗੀ, ਓਨੇ ਸਾਡੇ ਫੇਫੜੇ ਸਿਹਤਮੰਦ ਰਹਿਣਗੇ ਅਤੇ ਓਨੇ ਹੀ ਅਸੀਂ ਤੰਦਰੁਸਤ ਰਹਾਂਗੇ।
ਫੇਫੜਿਆਂ ਦੀ ਸਿਹਤ ਨੂੰ ਪਰਖਣ ਲਈ ਮੇਦਾਂਤਾ ਹਸਪਤਾਲ ਦੇ ਛਾਤੀ ਦੇ ਰੋਗਾਂ ਦੇ ਮਾਹਿਰ ਡਾਕਟਰ ਅਰਵਿੰਦ ਕੁਮਾਰ ਅਨੁਸਾਰ ਹੇਠ ਲਿਖੇ ਦੋ ਪਰੀਖਣ ਕੀਤੇ ਜਾ ਸਕਦੇ ਹਨ:
ਛੇ-ਮਿੰਟ ਸੈਰ ਪਰੀਖਣ: ਇਸ ਪਰੀਖਣ ਦੇ ਅਨੁਸਾਰ ਵਿਅਕਤੀ ਨੂੰ ਛੇ ਮਿੰਟ ਬਿਨਾ ਰੁਕੇ ਤੁਰਨਾ ਚਾਹੀਦਾ ਹੈ। ਤੁਰਨ ਤੋਂ ਪਹਿਲਾਂ ਅਤੇ ਤੁਰਨਾ ਖਤਮ ਕਰਨ ਤੋਂ ਬਾਅਦ ਆਕਸੀਮੀਟਰ ’ਤੇ ਆਕਸੀਜਨ ਦਾ ਪੱਧਰ ਦੇਖਣਾ ਚਾਹੀਦਾ ਹੈ। ਜੇਕਰ ਇਹ ਪੱਧਰ ਪਹਿਲਾਂ ਜਿੰਨਾ ਹੀ ਰਹੇ ਤਾਂ ਵਿਅਕਤੀ ਤੰਦਰੁਸਤ ਹੈ। ਜੇਕਰ ਇਹ ਪੱਧਰ 1-2% ਤੱਕ ਗੈਰ ਜਾਵੇ, ਤਾਂ ਵੀ ਕੋਈ ਚਿੰਤਾ ਦੀ ਗੱਲ ਨਹੀਂ ਹੈ। ਲੇਕਿਨ ਜੇਕਰ ਇਹ ਪੱਧਰ 93 ਤੋਂ ਹੇਠਾਂ ਹੋ ਜਾਵੇ, ਜਾਂ 3% ਤੱਕ ਗੈਰ ਜਾਵੇ ਜਾਂ ਫਿਰ ਵਿਅਕਤੀ ਨੂੰ ਸਾਹ ਚੜ੍ਹਨ ਲੱਗ ਜਾਵੇ ਤਾਂ ਉਸ ਨੂੰ ਡਾਕਟਰੀ ਸਹਾਇਤਾ ਦੀ ਲੋੜ ਹੈ।
ਲੰਬਾ ਸਾਹ ਲੈਣ ਅਤੇ ਰੋਕਣ ਦੀ ਕਿਰਿਆ: ਇਸ ਕਿਰਿਆ ਵਿੱਚ ਲੰਬਾ ਸਾਹ ਲੈ ਕੇ ਰੋਕਿਆ ਜਾਂਦਾ ਹੈ। ਸ਼ੁਰੂ ਵਿੱਚ ਹੋ ਸਕਦਾ ਹੈ ਸਾਹ ਰੋਕ ਕੇ ਰੱਖਣ ਦਾ ਸਮਾਂ 8-10 ਸੈਕਿੰਡ ਹੀ ਹੋਵੇ। ਲੇਕਿਨ ਇਸ ਨੂੰ ਕੋਸ਼ਿਸ਼ ਕਰ ਕੇ ਹਰ ਰੋਜ਼ 2-3 ਸੈਕਿੰਡ ਵਧਾਉਂਦੇ ਜਾਣਾ ਹੈ। ਜਦੋਂ ਇਹ ਸਮਾਂ 25 ਸੈਕਿੰਡ ਹੋ ਜਾਵੇ, ਤਾਂ ਇਸ ਦਾ ਮਤਲਬ ਹੈ ਕਿ ਤੁਸੀਂ ਸੁਰੱਖਿਅਤ ਖੇਤਰ ਵਿੱਚ ਹੋ। ਇਸ ਸਮੇਂ ਨੂੰ ਕੋਸ਼ਿਸ਼ ਕਰ ਕੇ ਹੌਲੀ-ਹੌਲੀ ਵਧਾਉਂਦੇ ਜਾਓ। ਇਸ ਨਾਲ ਫੇਫੜੇ ਏਨੇ ਮਜ਼ਬੂਤ ਹੋ ਜਾਣਗੇ ਕਿ ਜੇਕਰ ਥੋੜ੍ਹਾ-ਬਹੁਤ ਇਨਫੈਕਸ਼ਨ ਆ ਵੀ ਜਾਵੇਗਾ ਤਾਂ ਉਹ ਆਕਸੀਜਨ ਦੇ ਪੱਧਰ ਤੇ ਅਸਰ ਨਹੀਂ ਕਰੇਗਾ।
ਇੱਕ ਅਹਿਮ ਗੱਲ ਹੋਰ, ਜਿੰਨਾ ਹੋ ਸਕੇ ਤਣਾਅ ਤੋਂ ਬਚ ਕੇ ਰਹਿਣਾ। ਤਣਾਅ ਦੀ ਹਾਲਤ ਵਿੱਚ ਸਰੀਰ ਦੇ ਅੰਦਰ ‘ਸਟਰੈੱਸ ਹਾਰਮੋਨ’ ਪੈਦਾ ਹੁੰਦਾ ਹੈ ਜਿਸ ਕਰ ਕੇ ਦਿਲ ਦੀ ਧੜਕਣ ਵੱਧ ਜਾਂਦੀ ਹੈ ਅਤੇ ਸਰੀਰ ਵਿੱਚ ਆਕਸੀਜਨ ਦੀ ਲੋੜ ਵੱਧ ਜਾਂਦੀ ਹੈ। ਸਾਹ ਅਤੇ ਦਮੇ ਦੇ ਰੋਗੀਆਂ ਲਈ ਇਹ ਮੁਸੀਬਤ ਦਾ ਕਾਰਣ ਵੀ ਬਣ ਸਕਦਾ ਹੈ। ਸੋ ਇਨ੍ਹਾਂ ਗੱਲਾਂ ਦਾ ਧਿਆਨ ਰੱਖ ਕੇ ਅਸੀਂ ਆਪਣੇ ਫੇਫੜਿਆਂ ਦੀ ਤਾਕਤ ਨੂੰ ਵਧਾ ਕੇ ਕੁਦਰਤੀ ਤੌਰ 'ਤੇ ਹੀ ਸਰੀਰ ਵਿੱਚ ਆਕਸੀਜਨ ਦੇ ਪੱਧਰ ਵਿੱਚ ਸੁਧਾਰ ਕਰ ਸਕਦੇ ਹਾਂ ਅਤੇ ਮੈਡੀਕਲ ਆਕਸੀਜਨ ਦੀ ਲੋੜ ਤੋਂ ਕਾਫੀ ਹੱਦ ਤੱਕ ਬਚ ਸਕਦੇ ਹਾਂ।
ਸੰਜੀਵ ਕੁਮਾਰ ਸ਼ਰਮਾ
98147-11605
No comments:
Post a Comment