ਭੋਜਨ ਸਾਡੇ ਜੀਵਨ ਦਾ ਇਕ ਅਨਿੱਖੜਵਾਂ ਅੰਗ ਹੈ। ਸਿਹਤਮੰਦ ਅਤੇ ਕਿਰਿਆਸ਼ੀਲ ਜੀਵਨ ਜਿਉਣ ਦੇ ਲਈ ਭੋਜਨ ਵਿਚ ਸਾਰੇ ਲੋੜੀਂਦੇ ਅੰਸ਼ (ਪ੍ਰੋਟੀਨ, ਕਾਰਬੋਹਾਈਡ੍ਰੇਟਸ, ਚਿਕਨਾਈ, ਵਿਟਾਮਿਨ, ਖਣਿਜ, ਪਾਣੀ ਅਤੇ ਫਾਇਬਰ) ਸੰਤੁਲਿਤ ਮਾਤਰਾ ਵਿਚ ਮੌਜੂਦ ਹੋਣੇ ਚਾਹੀਦੇ ਹਨ। ਪਰੰਤੂ ਪਿਛਲੇ ਕੁਝ ਵਰ੍ਹਿਆਂ ਤੋਂ ਦੇਖਿਆ ਜਾਵੇ ਤਾਂ ਭਰਪੂਰ ਪੌਸ਼ਟਿਕ, ਸੰਤੁਲਿਤ ਭੋਜਨ ਕਰਨ ਦੇ ਬਾਵਜੂਦ ਵੀ ਭੋਜਨ ਪਚਾਉਣ ਵਿਚ ਦਿੱਕਤਾਂ ਆਉਣ ਲੱਗ ਪਈਆਂ ਹਨ। ਇਸ ਦਾ ਕਾਰਨ ਭੋਜਨ ਵਿਚ ਅਜਿਹੇ ਖਾਧ-ਪਦਾਰਥਾਂ ਦਾ ਮੌਜੂਦ ਹੋਣਾ ਹੈ ਜਿਨ੍ਹਾਂ ਨੂੰ ਸਾਡਾ ਸਰੀਰਿਕ ਤੰਤਰ ਸਵੀਕਾਰ ਨਹੀਂ ਕਰਦਾ ਅਤੇ ਪ੍ਰਤਿਕਿਰਿਆ ਦੇ ਰੂਪ ਵਿਚ ਵਾਜਿਬ ਸੰਕੇਤ ਵੀ ਦਿੰਦਾ ਹੈ। ਆਧੁਨਿਕ ਚਿਕਿਤਸਾ ਵਿਗਿਆਨ ਇਸ ਪ੍ਰਤਿਕਿਰਿਆ ਨੂੰ ਭੋਜਨ-ਐਲਰਜੀ (Food Allergy) ਅਤੇ ਭੋਜਨ-ਅਸਹਿਣਸ਼ੀਲਤਾ (Food Intolerance) ਦੇ ਰੂਪ ਵਿਚ ਪ੍ਰਭਾਸ਼ਿਤ ਕਰਦਾ ਹੈ। ਹਾਲਾਂਕਿ ਦੋਨਾਂ ਹਾਲਤਾਂ ਵਿਚ ਪੈਦਾ ਹੋਣ ਵਾਲੇ ਲੱਛਣ ਕਈ ਮਾਅਨਿਆਂ ਵਿਚ ਇਕੋ ਜਿਹੇ ਹੁੰਦੇ ਹਨ, ਪਰੰਤੂ ਇਹ ਦੋਨੋਂ ਹਾਲਾਤ ਇਕ ਦੂਜੇ ਤੋਂ ਭਿੰਨ ਹਨ।
ਭੋਜਨ-ਅਸਹਿਣਸ਼ੀਲਤਾ: ਵਿਸ਼ੇਸ਼ ਖਾਧ-ਪਦਾਰਥਾਂ ਦੇ ਪ੍ਰਤੀ ਸਾਡੇ ਪਾਚਨ ਤੰਤਰ ਦੀ ਪ੍ਰਤਿਕੂਲ ਸਰੀਰਿਕ ਪ੍ਰਕਿਰਿਆ ਭੋਜਨ-ਅਸਹਿਣਸ਼ੀਲਤਾ ਕਹਾਉਂਦੀ ਹੈ। ਅਜਿਹੀ ਸਥਿਤੀ ਵਿਚ ਖਾਧ-ਪਦਾਰਥ ਠੀਕ ਤਰ੍ਹਾਂ ਪਚ ਨਹੀਂ ਪਾਉਂਦੇ ਅਤੇ ਸਾਡੇ ਪਾਚਨ ਤੰਤਰ ਨੂੰ ਪਰੇਸ਼ਾਨ ਕਰਦੇ ਹਨ। ਇਸ ਦਾ ਕਾਰਨ ਪਾਚਨ ਤੰਤਰ ਵਿਚ ਉਸ ਖਾਧ-ਪਦਾਰਥ ਨੂੰ ਤੋੜਨ ਅਤੇ ਪਚਾਉਣ ਲਈ ਲੋੜੀਂਦੇ ਰਸਾਇਣਾਂ (ਐਂਜ਼ਾਇਮਾਂ) ਦੀ ਕਮੀ ਦਾ ਹੋਣਾ ਹੈ। ਉਦਾਹਰਣ ਦੇ ਤੌਰ 'ਤੇ ਲੈਕਟੋਜ਼ ਅਸਹਿਣਸ਼ੀਲਤਾ ਵਾਲਾ ਵਿਅਕਤੀ ਡੇਅਰੀ ਉਤਪਾਦਾਂ ਨੂੰ ਗ੍ਰਹਿਣ ਕਰਨ ਤੋਂ ਬਾਅਦ ਅਸਹਿਜ ਮਹਿਸੂਸ ਕਰਦਾ ਹੈ ਕਿਉਂਕਿ ਉਸ ਦੇ ਪਾਚਨ ਤੰਤਰ ਨੂੰ ਦੁੱਧ ਨੂੰ ਪਚਾਉਣ ਲਈ ਸੰਘਰਸ਼ ਕਰਨਾ ਪੈਂਦਾ ਹੈ। ਭੋਜਨ-ਅਸਹਿਣਸ਼ੀਲਤਾ ਜੀਵਨ ਲਈ ਖਤਰਾ ਨਹੀਂ ਹੈ ਕਿਉਂਕਿ ਇਸ ਵਿਚ ਭੋਜਨ-ਐਲਰਜੀ ਦੀ ਤੁਲਨਾ ਵਿਚ ਘੱਟ ਗੰਭੀਰ ਲੱਛਣ ਪੈਦਾ ਹੁੰਦੇ ਹਨ। ਇਹ ਲੱਛਣ ਇੱਕੋ ਦਮ ਵੀ ਪੈਦਾ ਹੋ ਸਕਦੇ ਹਨ ਜਾਂ ਫਿਰ ਘੰਟਿਆਂ, ਦਿਨਾਂ ਜਾਂ ਹਫਤਿਆਂ ਵਿਚ ਵੀ ਪੈਦਾ ਹੋ ਸਕਦੇ ਹਨ। ਘੱਟ ਮਾਤਰਾ ਵਿਚ ਕੀਤਾ ਭੋਜਨ ਆਮ ਤੌਰ 'ਤੇ ਅਸਹਿਣਸ਼ੀਲਤਾ ਪੈਦਾ ਨਹੀਂ ਕਰਦਾ। ਇਹ ਉਦੋਂ ਹੀ ਪੈਦਾ ਹੁੰਦੀ ਹੈ ਜਦੋਂ ਭੋਜਨ ਲੋੜੋਂ ਵੱਧ ਕੀਤਾ ਜਾਵੇ। ਭੋਜਨ-ਅਸਹਿਣਸ਼ੀਲਤਾ ਦੇ ਕੁਝ ਕੁ ਲੱਛਣਾਂ ਵਿਚ ਉਲਟੀਆਂ-ਟੱਟੀਆਂ, ਗੈਸ, ਢਿੱਡ ਵਿਚ ਦਰਦ, ਸਿਰ ਦਰਦ, ਚਿੜਚਿੜਾਪਨ, ਆਦਿ ਹਨ।ਭੋਜਨ-ਐਲਰਜੀ: ਵਿਸ਼ੇਸ਼ ਖਾਧ-ਪਦਾਰਥਾਂ ਦੇ ਪ੍ਰਤੀ ਸਾਡੀ ਰੋਗ-ਪ੍ਰਤੀਰੋਧਕ ਸ਼ਕਤੀ ਦੀ ਪ੍ਰਤਿਕੂਲ ਸਰੀਰਿਕ
ਪ੍ਰਕਿਰਿਆ ਭੋਜਨ-ਐਲਰਜੀ ਕਹਾਉਂਦੀ ਹੈ। ਅਜਿਹੀ
ਸਥਿਤੀ ਵਿਚ ਸਾਡੇ ਸਰੀਰ ਦੀ ਰੋਗ-ਪ੍ਰਤੀਰੋਧਕ ਸ਼ਕਤੀ (ਇਮਿਊਨਿਟੀ), ਜਿਹੜੀ ਸਾਨੂੰ ਬਿਮਾਰੀਆਂ ਤੋਂ ਬਚਾਉਂਦੀ ਹੈ, ਭੋਜਨ ਦੇ ਕਿਸੇ
ਵਿਸ਼ੇਸ਼ ਪੌਸ਼ਟਿਕ ਤੱਤ ਦੇ ਪ੍ਰਤੀ ਪ੍ਰਤਿਕਿਰਿਆ ਕਰਦੀ ਹੈ। ਉਸ ਨੂੰ ਲਗਦਾ ਹੈ ਕਿ ਇਹ ਤੱਤ ਸਰੀਰ ਨੂੰ ਨੁਕਸਾਨ ਪਹੁੰਚਾਏਗਾ ਅਤੇ ਇਸ ਤੋਂ ਬਚਾਅ ਲਈ ਉਹ ਐਂਟੀਬਾਡੀ
ਤਿਆਰ ਕਰਦਾ ਹੈ। ਸਿੱਟੇ ਵਜੋਂ ਖੂਨ ਵਿਚ ‘ਹਿਸਟਾਮਿਨ’ ਨਾਮ ਦੇ ਰਸਾਇਣ ਦਾ ਪ੍ਰਵਾਹ ਹੁੰਦਾ ਹੈ ਜਿਹੜਾ
ਐਲਰਜੀ ਦੇ ਲੱਛਣ ਪੈਦਾ ਕਰਦਾ ਹੈ। ਆਮ ਤੌਰ ’ਤੇ ਇਹ ਪ੍ਰੋਟੀਨ ਵਾਲੇ
ਖਾਧ-ਪਦਾਰਥਾਂ ਦੇ ਨਾਲ ਜ਼ਿਆਦਾ ਹੁੰਦਾ ਹੈ। ਦੁੱਧਆ ਅਤੇ ਦੂਜੇ ਡੇਅਰੀ ਉਤਪਾਦ, ਅੰਡੇ, ਮੱਛੀ, ਸੋਇਆਬੀਨ, ਸੁੱਕੇ ਮੇਵੇ, ਕਣਕ ਆਦਿ ਭੋਜਨ-ਐਲਰਜੀ ਦਾ ਕਾਰਨ ਬਣ ਸਕਦੇ ਹਨ। ਇਸ ਦੇ ਸਿੱਟੇ ਵਜੋਂ ਸਰੀਰ ਵਿਚ ਧੱਫੜ, ਖਾਰਿਸ਼, ਸੋਜ਼ਿਸ਼, ਛਾਤੀ ਵਿਚ ਦਰਦ, ਸਰੀਰ ’ਤੇ ਦਾਣੇ ਨਿਕਲ ਜਾਣਾ, ਸਾਹ ਲੈਣ ਵਿਚ ਤਕਲੀਫ ਹੋਣਾ, ਆਦਿ ਲੱਛਣ ਪੈਦਾ ਹੋ ਸਕਦੇ ਹਨ ਜਿਹੜੇ ਬੜੇ ਭਿਆਨਕ ਅਤੇ ਜਾਨਲੇਵਾ ਵੀ ਹੋ ਸਕਦੇ ਹਨ।
ਅੱਜ ਤੋਂ
ਕੁਝ ਵਰ੍ਹੇ ਪਹਿਲਾਂ ਤੱਕ ਭੋਜਨ-ਐਲਰਜੀ ਨੂੰ ਪੱਛਮ ਦੀ ਜਾਂ ਫਿਰ ਅਮੀਰਾਂ ਦੀ ਬਿਮਾਰੀ ਹੀ ਸਮਝਿਆ
ਜਾਂਦਾ ਸੀ, ਪਰੰਤੂ ਹੁਣ ਇਹ ਬਿਮਾਰੀ ਭਾਰਤ ਵਿਚ ਵੀ ਬਹੁਤ ਤੇਜ਼ੀ
ਨਾਲ ਵਧਣ ਲੱਗ ਪਈ ਹੈ। ਭੋਜਨ-ਐਲਰਜੀ, ਭੋਜਨ-ਅਸਹਿਣਸ਼ੀਲਤਾ, ਸਿਲਿਆਕ ਬਿਮਾਰੀਆਂ ਅਤੇ ਪੇਟ ਦੇ ਰੋਗਾਂ ’ਤੇ ਅਨੇਕਾਂ
ਪੁਸਤਕਾਂ ਲਿਖ ਚੁਕੇ ਐਲੇਕਸ ਗਜ਼ੋਲਾ ਆਪਣੀ ਪੁਸਤਕ ‘ਲਿਵਿੰਗ ਵਿਦ ਫੂਡ
ਐਲਰਜੀਜ਼’ ਵਿਚ ਲਿਖਦੇ ਹਨ “ਇਕ ਅਰਬ ਤੋਂ ਕਿਤੇ ਵੱਧ ਜਨਸੰਖਿਆ ਵਾਲੇ ਦੇਸ਼
ਭਾਰਤ ਵਿਚ ਭੋਜਨ-ਐਲਰਜੀ ਇਕ ਬਹੁਤ ਵੱਡੀ ਸਮੱਸਿਆ ਬਣ ਸਕਦੀ ਹੈ। ਇਕ ਅਨੁਮਾਨ ਦੇ ਅਨੁਸਾਰ ਤਿੰਨ
ਪ੍ਰਤੀਸ਼ਤ ਤੱਕ ਭਾਰਤੀ ਇਸ ਤੋਂ ਪੀੜਿਤ ਹੋ ਸਕਦੇ ਹਨ, ਜਿਨ੍ਹਾਂ ਵਿਚ
ਜ਼ਿਆਦਾਤਰ 40 ਤੋਂ ਘੱਟ ਉਮਰ ਦੇ ਹਨ।”
ਭਾਰਤ ਦੇ
ਸਾਬਕਾ ਰਾਸ਼ਟਰਪਤੀ ਅਤੇ ਉਘੇ ਵਿਗਿਆਨੀ ਡਾ. ਏ. ਪੀ.ਜੇ. ਅਬਦੁਲ ਕਲਾਮ ਵਿਸ਼ਵ ਐਲਰਜੀ ਸੰਗਠਨ (WAO) ਦੁਆਰਾ ਜਾਰੀ ਪੁਸਤਕ ‘ਵ੍ਹਾਈਟ ਬੁੱਕ ਆਨ ਐਲਰਜੀ’ ਦੇ ਮੁਖਬੰਧ ਵਿਚ ਲਿਖਦੇ ਹਨ ਕਿ ਐਲਰਜੀ ਦੀ ਸਮੱਸਿਆ (ਜਿਸ ਵਿਚ ਭੋਜਨ ਦੀ ਐਲਰਜੀ, ਚਮੜੀ ਦੀ ਐਲਰਜੀ ਅਤੇ ਦਮਾ ਆਉਂਦੇ ਹਨ), ਪੂਰੀ ਦੁਨੀਆਂ ਵਿਚ
ਬਹੁਤ ਹੀ ਤੇਜ਼ੀ ਅਤੇ ਭਿਆਨਕ ਢੰਗ ਨਾਲ ਵਧਦੀ ਜਾ ਰਹੀ ਹੈ। ਇਸ ਲਈ ਇਸ ਨੂੰ ਜਨਤਕ ਸਿਹਤ ਸਮੱਸਿਆਵਾਂ ਦੇ ਰੂਪ ਵਿਚ ਮਾਨਤਾ ਮਿਲਣੀ ਚਾਹੀਦੀ ਹੈ ਅਤੇ ਇਸ
ਦੀ ਰੋਕਥਾਮ ਅਤੇ ਅਨੁਕੂਲ ਉਪਚਾਰ ਦੇ ਉਪਰਾਲੇ ਕੀਤੇ ਜਾਣੇ ਚਾਹੀਦੇ ਹਨ।
ਕਰਨਾਟਕ ਬਾਲ ਰੋਗ ਰਸਾਲੇ ਵਿਚ ਲਿਖੇ ਭੋਜਨ-ਐਲਰਜੀ ਬਾਰੇ ਛਪੇ ਇਕ ਲੇਖ ਵਿਚ ਡਾ. ਸੌਮਿਆ ਨਾਗਾਰਾਜਨ ਅਤੇ ਡਾ. ਹਰਸ਼ਾ ਸੂਬਾ ਰਾਓ ਲਿਖਦੇ ਹਨ ਕਿ “ਸ਼ਬਦ ‘ਭੋਜਨ-ਐਲਰਜੀ’ ਦੀ ਅਕਸਰ ਦੁਰਵਰਤੋਂ ਹੁੰਦੀ ਹੈ, ਨਾ ਸਿਰਫ ਮਰੀਜ਼ਾਂ ਜਾਂ ਉਨ੍ਹਾਂ ਦੇ ਪਰਿਵਾਰ ਦੇ ਮੈਂਬਰਾਂ ਵੱਲੋਂ, ਬਲਕਿ ਚਿਕਿਤਸਾ ਜਗਤ ਨਾਲ ਜੁੜੇ ਪੇਸ਼ੇਵਰਾਂ ਵੱਲੋਂ ਵੀ। ਸਰਵੇ ਦੱਸਦੇ ਹਨ ਕਿ ਲੋਕਾਂ ਦੀ ਧਾਰਨਾ ਦੇ ਅਨੁਸਾਰ 60% ਤੱਕ ਲੋਕਾਂ ਨੂੰ ਭੋਜਨ-ਐਲਰਜੀ ਹੈ, ਜਦਕਿ ਅਸਲ ਵਿਚ ਇਹ 2-8% ਲੋਕਾਂ ਵਿਚ ਹੈ। ਮੁੱਢਲੇ ਬਾਲਪਣ ਦੇ ਦਿਨਾਂ ਵਿਚ ਇਹ 6-8% ਤੱਕ ਹੈ ਅਤੇ ਬਾਲਗਾਂ ਵਿਚ 1-2% ਤੱਕ ਹੈ।” ਬੱਚਿਆਂ ਵਿਚ ਇਸ ਰੋਗ ਦੇ ਏਨਾ ਵਧੇ ਹੋਣ ਦਾ ਕਾਰਣ ਉਨ੍ਹਾਂ ਦੇ ਮਾਪਿਆਂ ਤੋਂ ਵਿਰਾਸਤ ਵਿਚ ਮਿਲੇ ਹੋਣਾ ਹੋ ਸਕਦਾ ਹੈ।
ਏਨੀ ਭਿਆਨਕ ਹੋਣ ਦੇ ਬਾਵਜੂਦ ਵੀ ਅਜੇ ਤੱਕ ਇਸ ਰੋਗ ਦਾ ਕੋਈ ਵਾਜਿਬ ਇਲਾਜ ਨਹੀਂ ਮਿਲ ਸਕਿਆ ਹੈ। “ਲੈਬਾਰਟਰੀ ਤੋਂ ਐਲਰਜੀ ਟੈਸਟ ਕਰਵਾ ਕੇ ਐਲਰਜੀ ਕਰਨ ਵਾਲੇ ਖਾਧ-ਪਦਾਰਥ ਦਾ ਪਤਾ ਲਗਾਉ ਅਤੇ ਉਸ ਖਾਧ-ਪਦਾਰਥ ਨੂੰ ਖਾਣਾ ਛੱਡ ਦਿਉ” ਇਹੀ ਇਸ ਬਿਮਾਰੀ ਦਾ ਇਲਾਜ ਸਮਝਿਆ ਜਾਂਦਾ ਹੈ। ਪਰੰਤੂ ਇਹ ਇਸ ਬਿਮਾਰੀ ਨਾਲ ਨਜਿੱਠਣ ਦਾ ਸਹੀ ਢੰਗ ਨਹੀਂ ਹੈ। ਦੋਸ਼ੀ ਭੋਜਨ ਨਹੀਂ, ਬਲਕਿ ਇਨਸਾਨ ਖੁਦ ਹੈ। ਮੰਨਿਆ ਜਾਂਦਾ ਹੈ ਕਿ ਪ੍ਰਾਣੀ ਦੇ ਜਨਮ ਤੋਂ ਪਹਿਲਾਂ ਹੀ ਪਰਮ ਪਿਤਾ ਪਰਮੇਸ਼ਵਰ ਉਸ ਲਈ ਲੋੜੀਂਦੇ ਭੋਜਨ ਦਾ ਪ੍ਰਬੰਧ ਕਰ ਕੇ ਭੇਜਦਾ ਹੈ (ਆਪੇ ਕਰਤਾ ਕਰਿ ਕਰਿ ਵੇਖੈ ਦੇਦਾ ਸਾਸ ਗਿਰਾਹਾ ਹੇ॥)। ਪਰੰਤੂ ਆਪਣੀ ਨਾਸਮਝੀ, ਜੀਭ ਦੇ ਸੁਆਦ ਅਤੇ ਲਾਲਚ ਕਾਰਨ ਅਸੀਂ ਆਪਣੇ ਭੋਜਨ ਦਾ ਮੂਲ ਸਰੂਪ ਹੀ ਬਦਲ ਦਿੱਤਾ ਹੈ, ਜਿਸ ਨੂੰ ਸਾਡਾ ਸਰੀਰਿਕ ਤੰਤਰ ਸਵੀਕਾਰ ਨਹੀਂ ਕਰਦਾ। ਭਗਵਦ ਗੀਤਾ ਦੇ ਸ਼ਲੋਕ ਪਤ੍ਰਮ ਪੁਸ਼ਪਮ ਫਲਮ ਤੋਯਮ ਯੋ ਮੇ ਭਕਤਯਾ ਪ੍ਰਯਚ੍ਛਤਿ ਵਿਚ ਵੀ ਭਗਵਾਨ ਸ਼੍ਰੀ ਕ੍ਰਿਸ਼ਨ ਕੁਦਰਤੀ ਭੋਜਨ ਬਾਰੇ ਹੀ ਗੱਲ ਕਰਦੇ ਹਨ। ਪ੍ਰਾਣੀਆਂ ਵਿਚੋਂ ਸ਼ਾਇਦ ਇਨਸਾਨ ਨੂੰ ਛੱਡ ਕੇ ਬਾਕੀ ਸਾਰੇ ਪ੍ਰਾਣੀ ਆਪਣਾ ਭੋਜਨ ਕੁਦਰਤੀ ਨਿਯਮਾਂ ਅਨੁਸਾਰ ਹੀ ਕਰਦੇ ਹਨ, ਅਤੇ ਇਸੇ ਕਰਕੇ ਆਮ ਤੌਰ ‘ਤੇ ਤੰਦਰੁਸਤ ਰਹਿੰਦੇ ਹਨ। ਇਥੇ ਇਹ ਦੱਸਣਾ ਜ਼ਰੂਰੀ ਹੈ ਕਿ ਇਸੇ ਸੰਧਰਭ ਵਿਚ ਉਚਾਰੇ ਗਏ ਗੁਰੂ-ਵਾਕਾਂ, ਜਿਵੇਂ ਭੋਗੰ ਤ ਰੋਗੰ ; ਜਾਂ ਭਾਂਤ ਭਾਂਤ ਭੱਛਤ ਪਕਵਾਨਾ॥ ਉਪਜਤ ਰੋਗ ਦੇਹ ਤਿਨ ਨਾਨਾ॥ ; ਜਾਂ ਫਿਟੁ ਇਵੇਹਾ ਜੀਵਿਆ ਜਿਤੁ ਖਾਇ ਵਧਾਇਆ ਪੇਟੁ।। ; ਜਾਂ ਖਾਤ ਪੀਤ ਅਨੇਕ ਬਿੰਜਨ ਜੈਸੇ ਭਾਰ ਬਾਹਕ ਖੋਤ।। ਨੂੰ ਵੀ ਅਸੀਂ ਨਜ਼ਰਅੰਦਾਜ਼ ਕਰਦੇ ਜਾਂਦੇ ਹਾਂ ਅਤੇ ਹਾਲਾਤ ਬਦ ਤੋਂ ਬਦਤਰ ਹੋਕੇ ਅਨੇਕਾਂ ਭਿਆਨਕ ਬਿਮਾਰੀਆਂ ਨੂੰ ਜਨਮ ਦੇ ਦਿੰਦੇ ਹਨ।
ਆਯੁਰਵੇਦ/ਨੇਚਰੋਪੈਥੀ ਦੇ ਅਨੁਸਾਰ ਭੋਜਨ-ਅਸਹਿਣਸ਼ੀਲਤਾ ਅਤੇ ਭੋਜਨ-ਐਲਰਜੀ ਦਾ ਮੂਲ ਕਾਰਣ ਪਾਚਨ ਅਗਨੀ ਦਾ ਕਮਜ਼ੋਰ ਹੋਣਾ ਹੈ ਜਿਹੜੀ ਜੀਵਨ-ਸ਼ੈਲੀ, ਗਲਤ ਖਾਨ-ਪਾਨ, ਵਿਰੋਧੀ ਜਾਂ ਬੇਮੇਲ ਭੋਜਨ, ਜੰਕ/ਪ੍ਰੋਸੈਸਡ ਭੋਜਨ, ਵਾਤ-ਪਿੱਤ-ਕਫ਼ ਵਿਚ ਅਸੰਤੁਲਨ, ਆਦਿ ’ਤੇ ਨਿਰਭਰ ਕਰਦੀ ਹੈ। ਪਾਚਨ ਅਗਨੀ ਕਮਜ਼ੋਰ ਹੋਣ ਨਾਲ ਭੋਜਨ ਸਹੀ ਢੰਗ ਨਾਲ ਪਚਦਾ ਨਹੀਂ ਅਤੇ ਇਕ ਜ਼ਹਿਰੀਲਾ ਪਦਾਰਥ ‘ਆਮ’/ਬਾਹਰੀ ਤੱਤ ਪੈਦਾ ਕਰਦਾ ਹੈ। ਇਸ ਤੋਂ ਇਲਾਵਾ ਤਣਾਅ, ਨਕਾਰਾਤਮਕ ਸੋਚ, ਸ਼ੋਕ, ਚਿੰਤਾ, ਆਦਿ ਵੀ ਸਾਡੇ ਪਾਚਨ ’ਤੇ ਅਸਰ ਪਾਉਂਦੇ ਹਨ ਅਤੇ ਐਲਰਜੀ ਦਾ ਕਾਰਨ ਬਣਦੇ ਹਨ। ਐਂਟੀਬਾਇਓਟਿਕ ਦੁਆਈਆਂ ਦੀ ਬੇਲੋੜੀ ਵਰਤੋਂ; ਜਾਨਵਰਾਂ ਤੋਂ ਵੱਧ ਦੁੱਧ ਅਤੇ ਮਾਸ ਪ੍ਰਾਪਤ ਕਰਨ ਲਈ ਟੀਕਿਆਂ ਦੀ ਵਰਤੋਂ; ਫਸਲਾਂ ਤੋਂ ਵੱਧ ਝਾੜ ਲੈਣ ਲਈ ਰਸਾਇਣਾਂ ਦੀ ਵਰਤੋਂ; ਫਲਾਂ-ਸਬਜ਼ੀਆਂ ਨੂੰ ਛੇਤੀ ਪਕਾਉਣ, ਉਨ੍ਹਾਂ ਦਾ ਆਕਾਰ ਵਧਾਉਣ ਅਤੇ ਉਨ੍ਹਾਂ ਨੂੰ ਵੱਧ ਸਮੇਂ ਲਈ ਸੁਰੱਖਿਅਤ ਰੱਖਣ ਲਈ ਰਸਾਇਣਾਂ/ਟੀਕਿਆਂ ਦੀ ਵਰਤੋਂ, ਆਦਿ ਅਨੇਕਾਂ ਹੋਰ ਵੀ ਕਾਰਨ ਹਨ। ਸਮੇਂ ਸਿਰ ਇਸ ਦਾ ਇਲਾਜ ਨਾ ਕੀਤੇ ਜਾਣ ‘ਤੇ ਇਹ ‘ਆਮ’ ਅੰਤੜੀਆਂ ਵਿਚ ਜਮ੍ਹਾ ਹੋਣ ਲਗਦਾ ਹੈ ਅਤੇ ਪੂਰੇ ਸਰੀਰ ਵਿਚ ਘੁੰਮਣ ਲੱਗ ਜਾਂਦਾ ਹੈ। ਜਿਥੇ ਕਿਤੇ ਇਸਨੂੰ ਕਮਜ਼ੋਰ ਥਾਂ ਮਿਲਦੀ ਹੈ ਉਥੇ ਹੀ ਇਹ ਜਮ੍ਹਾ ਹੋ ਜਾਂਦਾ ਹੈ ਅਤੇ ਪੁਰਾਣਾ ਹੋਣ ‘ਤੇ ‘ਆਮ-ਜ਼ਹਿਰ’ ਕਹਾਉਂਦਾ ਹੈ। ਇਸੇ ਲਈ ਜਦੋਂ ਵੀ ਕਦੇ ਉਸ ਅੰਗ ਦਾ ਸੰਪਰਕ ਐਲਰਜੀ ਪੈਦਾ ਕਰਨ ਵਾਲੇ ਤੱਤ ਨਾਲ ਹੁੰਦਾ ਹੈ, ਤਾਂ ਉਥੇ ਐਲਰਜੀ ਦੀ ਪ੍ਰਕਿਰਿਆ ਹੁੰਦੀ ਹੈ। ਜੇਕਰ ‘ਆਮ-ਜ਼ਹਿਰ’ ਚਮੜੀ ਵਿਚ ਹੈ ਤਾਂ ਖਾਰਿਸ਼, ਜਲਨ, ਛਪਾਕੀ, ਧੱਫੜ, ਫੁਣਸੀਆਂ, ਆਦਿ ਲੱਛਣ ਪੈਦਾ ਹੁੰਦੇ ਹਨ; ਜੇਕਰ ਇਹ ‘ਆਮ-ਜ਼ਹਿਰ’ ਚਮੜੀ ਸਾਹ-ਪ੍ਰਣਾਲੀ ਵਿਚ ਹੈ ਤਾਂ ਦਮਾ, ਸਾਈਨਸ, ਬ੍ਰੌਨਕਾਈਟਸ, ਸਰਦੀ, ਜ਼ੁਕਾਮ, ਖਾਂਸੀ, ਆਦਿ ਲੱਛਣ ਪੈਦਾ ਹੁੰਦੇ ਹਨ; ਅਤੇ ਜੇਕਰ ਇਹ ‘ਆਮ-ਜ਼ਹਿਰ’ ਪਾਚਨ-ਪ੍ਰਣਾਲੀ ਵਿਚ ਹੈ ਤਾਂ ਪੇਟ ਦਰਦ, ਦਸਤ, ਪੇਟ ਦਾ ਅਫਾਰਾ, ਆਦਿ ਲੱਛਣ ਪੈਦਾ ਹੁੰਦੇ ਹਨ। ਯੂਨਾਨੀ ਚਿਕਿਤਸਕ ਹਿਪੋਕ੍ਰੇਟਸ ਦੁਆਰਾ 2,000 ਤੋਂ ਵੱਧ ਵਰ੍ਹੇ ਪਹਿਲਾਂ ਕਿਹਾ ਗਿਆ ਕਥਨ ‘ਸਾਰੀਆਂ ਬਿਮਾਰੀਆਂ ਪੇਟ ਤੋਂ ਹੀ ਸ਼ੁਰੂ ਹੁੰਦੀਆਂ ਹਨ’ ਇਥੇ ਸੱਚ ਸਿੱਧ ਹੁੰਦਾ ਹੈ।
ਪਾਚਨ ਅਗਨੀ ਤੇ ਰੋਗ-ਪ੍ਰਤੀਰੋਧਕ ਸ਼ਕਤੀ ਦਾ ਆਪਸ ਵਿਚ ਸਿੱਧਾ ਸੰਬੰਧ ਹੈ। ਪਾਚਨ ਸ਼ਕਤੀ ਚੰਗੀ ਹੋਵੇਗੀ, ਤਾਂ ਸਰੀਰ ਦੇ ਹਰ ਇਕ ਸੈੱਲ/ਅੰਗ ਤੱਕ ਸਹੀ ਢੰਗ ਨਾਲ ਪੋਸ਼ਣ ਪਹੁੰਚੇਗਾ ਅਤੇ ਰੋਗ-ਪ੍ਰਤੀਰੋਧਕ ਸ਼ਕਤੀ ਮਜ਼ਬੂਤ ਹੋਵੇਗੀ। ਇਸ ਲਈ ਭੋਜਨ-ਅਸਹਿਣਸ਼ੀਲਤਾ ਅਤੇ ਭੋਜਨ-ਐਲਰਜੀ ਨੂੰ ਠੀਕ ਕਰਨ ਲਈ ਅਸੀਂ “ਕੀ ਖਾਈਏ, ਕਿਹੋ ਜਿਹਾ ਖਾਈਏ, ਕਿੰਨਾ ਖਾਈਏ ਅਤੇ ਕਦੋਂ ਖਾਈਏ” ਸਿਧਾਂਤਾਂ ਦਾ ਧਿਆਨ ਰੱਖੀਏ ਅਤੇ ਰਿਸ਼ੀ ਚਰਕ ਦੇ ਸਿਧਾਂਤ ਹਿਤ ਭੁਕ, ਰਿਤ ਭੁਕ, ਮਿਤ ਭੁਕ ਦਾ ਪਾਲਣ ਕਰੀਏ। ਇਸ ਤੋਂ ਇਲਾਵਾ ਯੋਗ, ਜਿਸ ਵਿਚ ਵੱਖ-ਵੱਖ ਤਰ੍ਹਾਂ ਦੇ ਆਸਨ, ਮੁਦਰਾਵਾਂ, ਬੰਧ, ਧਿਆਨ, ਕਪਾਲ-ਭਾਤੀ, ਅਨੁਲੋਮ-ਵਿਲੋਮ ਪ੍ਰਾਣਾਯਾਮ, ਸੂਰਜ-ਨਮਸਕਾਰ ਸ਼ਾਮਿਲ ਹੋਣ, ਕਰੀਏ। ਇਹ ਸਾਡੇ ਪਾਚਨ-ਤੰਤਰ, ਸਾਹ-ਤੰਤਰ, ਸੰਚਾਰ-ਤੰਤਰ, ਆਦਿ ਨੂੰ ਮਜ਼ਬੂਤ ਕਰਨ ਦੇ ਨਾਲ ਨਾਲ ਮਨ ਨੂੰ ਸ਼ਾਂਤ ਕਰੇਗਾ ਅਤੇ ਉਸ ਨੂੰ ਤਣਾਅ ਤੋਂ ਦੂਰ ਰੱਖੇਗਾ। ਪੰਚ ਮਨਾਏ ਪੰਚ ਰੁਸਾਏ॥ ਪੰਚ ਵਸਾਏ ਪੰਚ ਗਵਾਏ॥ ਵਾਕ ਅਨੁਸਾਰ ਪੰਜ ਸ਼ੁਭ ਗੁਣਾਂ ਸਤ, ਸੰਤੋਖ, ਦਇਆ, ਧਰਮ, ਸੰਜਮ ਨੂੰ ਆਪਣੇ ਅੰਦਰ ਵਸਾਈਏ ਅਤੇ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਨੂੰ ਆਪਣੇ ਅੰਦਰੋਂ ਬਾਹਰ ਕੱਢ ਸੁੱਟੀਏ। ਸਰੀਰ ਨੂੰ ਨਿਯਮਿਤ ਤੌਰ ‘ਤੇ ਜਲ-ਨੇਤੀ, ਵਮਨ, ਵਿਰੇਚਨ, ਅਨੀਮਾ, ਵੱਖ-ਵੱਖ ਇਸ਼ਨਾਨਾਂ ਆਦਿ ਦੀ ਮਦਦ ਨਾਲ ਡੀਟੌਕਸ (ਜ਼ਹਿਰ-ਮੁਕਤ) ਕਰੀਏ। ਆਪਣੇ ਆਹਾਰ ਅਤੇ ਵਿਹਾਰ ਨੂੰ, ਜਿੰਨਾ ਵੱਧ ਤੋਂ ਵੱਧ ਸੰਭਵ ਹੋ ਸਕੇ, ਰੁੱਤਾਂ ਅਨੁਸਾਰ ਬਦਲੀਏ। ਆਟੋਫੈਜੀ/ਉਪਵਾਸ ਨੂੰ ਜੀਵਨ ਦਾ ਇਕ ਅੰਗ ਬਣਾ ਕੇ ਆਪਣੇ ਸਰੀਰ ਦਾ ਨਿਰੰਤਰ ਨਵੀਨੀਕਰਣ ਕਰੀਏ। ਵੱਖ ਵੱਖ ਰੰਗਾਂ ਦੇ ਫਲਾਂ ਅਤੇ ਸਬਜ਼ੀਆਂ ਨੂੰ ਆਪਣੇ ਆਹਾਰ ਵਿਚ ਸ਼ਾਮਲ ਕਰੀਏ। ਇਨ੍ਹਾਂ ਸਾਰੇ ਵਿਸ਼ਿਆਂ ‘ਤੇ ਵੱਖ-ਵੱਖ ਲੇਖ ਪੰਜਾਬੀ ਟ੍ਰਿਬਿਊਨ ਵਿਚ ਪਹਿਲਾਂ ਛਪ ਚੁਕੇ ਹਨ।
ਉਪਰੋਕਤ ਗੱਲਾਂ ਦਾ ਧਿਆਨ ਰੱਖ ਕੇ ਅਸੀਂ ਨਾ ਸਿਰਫ ਭੋਜਨ-ਅਸਹਿਣਸ਼ੀਲਤਾ ਅਤੇ ਭੋਜਨ-ਐਲਰਜੀ ਤੋਂ ਬਚ ਸਕਦੇ ਹਾਂ, ਬਲਕਿ ਆਪਣੇ ਪੂਰੇ ਸਰੀਰਕ ਤੰਤਰ ਨੂੰ ਤੰਦਰੁਸਤ ਰੱਖ ਸਕਦੇ ਹਾਂ। ਜਿਵੇਂ-ਜਿਵੇਂ ਸਾਡਾ ਸਰੀਰਕ ਤੰਤਰ ਠੀਕ ਹੋਵੇਗਾ, ਅਸੀਂ ਉਸ ‘ਖਾਧ-ਪਦਾਰਥ’ ਨੂੰ ਆਪਣੇ ਭੋਜਨ ਵਿਚ ਘੱਟ ਤੋਂ ਘੱਟ ਮਿਕਦਾਰ ਤੋਂ ਸ਼ੁਰੂ ਕਰ ਕੇ ਹੌਲੀ-ਹੌਲੀ ਨਿਯਮਿਤ ਵਰਤੋਂ ਵਿਚ ਲਿਆ ਸਕਦੇ ਹਾਂ। ਇਸ ਨਾਲ ਨਾ ਸਿਰਫ ਅਸੀਂ, ਬਲਕਿ ਸਾਡੇ ਬੱਚੇ ਅਤੇ ਅਗਲੀਆਂ ਪੀੜ੍ਹੀਆਂ ਵੀ ਇਸ ਭਿਆਨਕ ਬਿਮਾਰੀ ਤੋਂ ਬਚਾਂਗੇ।
No comments:
Post a Comment